ਨਵੀਂ ਦਿੱਲੀ: ਮਾਹਿਰ ਮੁੱਕੇਬਾਜ਼ ਮਨੋਜ ਕੁਮਾਰ ਨੇ ਭਾਰਤੀ ਖੇਡ ਅਥਾਰਟੀ (ਸਾਈ) ’ਤੇ ਦੋਸ਼ ਲਾਇਆ ਕਿ ਉਸ ਨੇ ਏਸ਼ਿਆਈ ਖੇਡਾਂ ਦੌਰਾਨ ਲੱਗੀ ਸੱਟ ਦੇ ਇਲਾਜ ਲਈ ਉਸ ਨੂੰ ਵਿੱਤੀ ਮਦਦ ਦੀ ਅਪੀਲ ਨੂੰ ਅਣਗੌਲਿਆ ਕੀਤਾ ਹੈ। ਸਾਈ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਇਸ ਮੁੱਕੇਬਾਜ਼ ’ਤੇ ਆਪਣੀ ਫਿੱਟਨੈੱਸ ਸਮੱਸਿਆ ਛੁਪਾਉਣ ਦਾ ਦੋਸ਼ ਲਾਇਆ ਹੈ। ਖੇਡ ਮੰਤਰੀ ਰਾਜਵਰਧਨ ਸਿੰਘ ਨੂੰ ਲਿਖੇ ਪੱਤਰ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਤਿੰਨ ਵਾਰ ਦੇ ਤਗ਼ਮਾ ਜੇਤੂ ਮਨੋਜ ਦੇ ਕੋਚ ਅਤੇ ਵੱਡੇ ਭਰਾ ਰਾਜੇਸ਼ ਰਾਜੋਂਦ ਨੇ ਕਿਹਾ ਕਿ ਸਾਈ ਨੇ ਕਈ ਵਾਰ ਯਾਦ ਦਿਵਾਉਣ ਦੇ ਬਾਵਜੂਦ ਇਸ ਮੁੱਕੇਬਾਜ਼ ਦੀ ਅਪੀਲ ਦਾ ਕੋਈ ਜਵਾਬ ਨਹੀਂ ਦਿੱਤਾ।