ਨਵੀਂ ਦਿੱਲੀ:ਭਾਰਤ ਦੀ 19 ਮੈਂਬਰੀ ਪੁਰਸ਼ ਮੁੱਕੇਬਾਜ਼ੀ ਟੀਮ 30 ਅਪਰੈਲ ਤੋਂ 14 ਮਈ ਤੱਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਸਿਖਲਾਈ ਕੈਂਪ ਲਈ ਅੱਜ ਤਾਸ਼ਕੰਦ ਰਵਾਨਾ ਹੋ ਗਈ ਹੈ। ਏਸ਼ੀਅਨ ਚੈਂਪੀਅਨਸ਼ਿਪ ਵਿੱਚ ਛੇ ਵਾਰ ਤਗਮਾ ਜਿੱਤ ਚੁੱਕਿਆ ਸ਼ਿਵ ਥਾਪਾ ਅਤੇ 2019 ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜੇਤੂ ਦੀਪਕ ਭੋਰੀਆ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜੇਤੂ ਨੂੰ ਦੋ ਲੱਖ ਡਾਲਰ, ਚਾਂਦੀ ਦਾ ਤਗਮਾ ਜੇਤੂ ਨੂੰ ਇੱਕ ਲੱਖ ਡਾਲਰ ਅਤੇ ਕਾਂਸੀ ਦਾ ਤਗਮਾ ਜੇਤੂ ਨੂੰ 50 ਹਜ਼ਾਰ ਡਾਲਰ ਦਿੱਤੇ ਜਾਣਗੇ। ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੇ 13 ਮੁੱਕੇਬਾਜ਼ ਹਿੱਸਾ ਲੈਣਗੇ ਪਰ ਛੇ ਹੋਰ ਮੁੱਕੇਬਾਜ਼ਾਂ ਨੂੰ ਵੀ ਸਿਖਲਾਈ ਕੈਂਪ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ 2018 ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਅਮਿਤ ਪੰਘਾਲ ਵੀ ਸ਼ਾਮਲ ਹੈ। ਤਾਸ਼ਕੰਦ ਵਿੱਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਲਈ ਹੁਣ ਤੱਕ 104 ਦੇਸ਼ਾਂ ਦੇ 640 ਮੁੱਕੇਬਾਜ਼ਾਂ ਨੇ ਰਜਿਸਟਰੇਸ਼ਨ ਕਰਵਾਈ ਹੈ।