ਉਲਾਨ-ਉਦੈ, ਲੰਘੇ ਸਾਲ ਦੀ ਕਾਂਸੀ ਦੀ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਤੇ ਪਹਿਲੀ ਵਾਰ ਖੇਡ ਰਹੀ ਜਮੁਨਾ ਬੋਰੋ (54 ਕਿਲੋਗ੍ਰਾਮ) ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਈਆਂ ਹਨ। ਬੋਰੋ ਨੇ ਪੰਜਵਾਂ ਦਰਜਾ ਹਾਸਲ ਅਲਜੀਰੀਆ ਦੀ ਯੂਦਾਦ ਫਾਊ ਨੂੰ ਹਰਾਇਆ ਜਦਕਿ ਤੀਜਾ ਦਰਜਾ ਹਾਸਲ ਬੋਰਗੋਹੇਨ ਨੇ ਮੋਰੱਕੋ ਦੀ ਯੂਮਾਯਾ ਬੇਲ ਅਹਬਿਬ ਨੂੰ 5-0 ਨਾਲ ਮਾਤ ਦਿੱਤੀ। ਬੋਰੋ ਦਾ ਸਾਹਮਣਾ ਹੁਣ ਬੇਲਾਰੂਸ ਦੀ ਯੂਲੀਆ ਅਪਾਨਾਸੋਵਿਚ ਨਾਲ ਹੋਵੇਗਾ।
ਚੌਥਾ ਦਰਜਾ ਪ੍ਰਾਪਤ ਯੂਰੋਪੀ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਗ਼ਮਾ ਜੇਤੂ ਯੂਲੀਆ ਨੇ ਜਰਮਨੀ ਦੀ ਉਰਸੁਲਾ ਗੋਟਲੋਬ ਨੂੰ ਮਾਤ ਦਿੱਤੀ। ਬੋਰਗੋਹੇਨ ਦੀ ਟੱਕਰ ਛੇਵਾਂ ਦਰਜਾ ਹਾਸਲ ਪੋਲੈਂਡ ਦੀ ਕੈਰੋਲੀਨਾ ਕੋਜੇਵਸਕਾ ਨਾਲ ਹੋਵੇਗੀ ਜਿਸ ਨੇ ਉਜ਼ਬੇਕਿਸਤਾਨ ਦੀ ਸ਼ਾਖਨੋਜਾ ਯੁਨੂਸੋਵਾ ਨੂੰ ਹਰਾਇਆ। ਅਸਮ ਰਾਈਫਲਜ਼ ਦੀ ਬੋਰੋ ਨੇ ਹਮਲਾਵਰ ਸ਼ੁਰੂਆਤ ਕੀਤੀ। ਉਸ ਨੇ ਬਰਾਬਰੀ ਦੇ ਰਹੇ ਦੂਜੇ ਤੇ ਤੀਜੇ ਰਾਊਂਡ ਵਿਚ ਚੰਗੇ ਪੰਚ ਜੜੇ। ਬੋਰੋ ਦੀ ਮਾਂ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੀ ਹੈ ਪਰ ਉਸ ਨੇ ਇਸ ਸਾਲ ਇੰਡੀਅਨ ਓਪਨ ਵਿਚ ਸੋਨ ਤਗ਼ਮਾ ਜਿੱਤਿਆ ਸੀ ਤੇ ਆਪਣੀ ਮੁਹਾਰਤ ਦਾ ਲੋਹਾ ਮੰਨਵਾਇਆ ਸੀ। ਉਸ ਨੇ 2015 ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਪਹਿਲੇ ਸੈਸ਼ਨ ਦੇ ਆਖ਼ਰੀ ਮੁਕਾਬਲੇ ਵਿਚ ਬੋਰਗੋਹੇਨ ਦਾ ਸਾਹਮਣਾ ਅਹਬਿਬ ਨਾਲ ਸੀ।
ਮੋਰੱਕੋ ਦੀ ਮੁੱਕੇਬਾਜ਼ ਨੇ ਕੁਝ ਦਮਦਾਰ ਮੁੱਕੇ ਜੜੇ ਪਰ ਜਵਾਬੀ ਹਮਲੇ ਵਿਚ ਬੋਰਗੋਹੇਨ ਨੇ ਬਾਜ਼ੀ ਮਾਰੀ। ਭਾਰਤ ਦੇ ਪੰਜ ਮੁੱਕੇਬਾਜ਼ ਕੁਆਰਟਰ ਫਾਈਨਲ ਵਿਚ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚ ਛੇ ਵਾਰ ਦੀ ਚੈਂਪੀਅਨ ਐੱਮ.ਸੀ. ਮੇਰੀਕੋਮ (51 ਕਿਲੋ), ਮੰਜੂ ਰਾਣੀ (48 ਕਿਲੋ), ਕਵਿਤਾ ਚਹਿਲ (ਪਲੱਸ 81 ਕਿਲੋ) ਸ਼ਾਮਲ ਹਨ। ਚਹਿਲ ਨੂੰ ਸਿੱਧਾ ਕੁਆਰਟਰ ਫਾਈਨਲ ਵਿਚ ਦਾਖ਼ਲਾ ਮਿਲਿਆ ਹੈ ਕਿਉਂਕਿ ਉਨ੍ਹਾਂ ਦੇ ਵਰਗ ਵਿਚ ਮੁਕਾਬਲੇਬਾਜ਼ ਘੱਟ ਹਨ।