ਨਵੀਂ ਦਿੱਲੀ:ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਜਿੱਤੇ ਚਾਂਦੀ ਦੇ ਤਗਮੇ ਨੂੰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਾਰ ਦਿੱਤਾ ਪਰ ਉਹ ਫਾਈਨਲ ’ਚ ਮਿਲੀ ਹਾਰ ਤੋਂ ਹਾਲੇ ਵੀ ਨਿਰਾਸ਼ ਹੈ। ਹਰਿਆਣਾ ਦੇ ਇਸ 25 ਸਾਲਾ ਮੁੱਕੇਬਾਜ਼ ਨੂੰ ਦੁਬਈ ਵਿੱਚ ਏਸ਼ਿਆਈ ਚੈਂਪੀਅਨਸ਼ਿਪ ਦੇ ਫਾਈਨਲ ’ਚ ਉਜ਼ਬੇਕਿਸਤਾਨ ਦੇ ਮੌਜੂਦਾ ਵਿਸ਼ਵ ਅਤੇ ਓਲੰਪਿਕ ਚੈਂਪੀਅਨ ਸ਼ਾਖੋਬੀਦੀਨ ਜ਼ੋਇਰੋਵ ਤੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਨੇ ਇਸ ਨਤੀਜੇ ਖ਼ਿਲਾਫ਼ ਵਿਰੋਧ ਦਰਜ ਕਰਵਾਇਆ ਅਤੇ ਦੂਸਰੇ ਗੇੜ ਦਾ ਰਿਵੀਊ ਮੰਗਿਆ, ਜਿਸ ਨੂੰ ਜਿਊਰੀ ਨੇ ਖਾਰਜ ਕਰ ਦਿੱਤਾ। ਇਸ ਬਾਰੇ ਅਮਿਤ ਨੇ ਕਿਹਾ, ‘‘52 ਕਿਲੋ ਵਰਗ ’ਚ ਇਹ ਮੇਰਾ ਹੁਣ ਤਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਮੈਨੂੰ ਉਹ ਫਾਈਨਲ ਜਿੱਤਣਾ ਚਾਹੀਦਾ ਸੀ। ਜਦੋਂ ਮੈਂ ਨਹੀਂ ਜਿੱਤ ਸਕਿਆ ਤਾਂ ਮੈਨੂੰ ਗੁੱਸਾ ਆ ਗਿਆ।’’