ਟੋਕੀਓ, 29  ਜੁਲਾਈ

ਆਪਣਾ ਪਲੇਠਾ ਓਲੰਪਿਕ ਖੇਡ ਰਹੀ ਦੋ ਵਾਰ ਦੀ ਏਸ਼ਿਆਈ ਚੈਂਪੀਅਨ ਭਾਰਤੀ ਮਹਿਲਾ ਮੁੱਕੇਬਾਜ਼ ਪੂਜਾ ਰਾਣੀ ਨੇ 75 ਕਿਲੋ ਮਿਡਲਵੇਟ ਵਰਗ ਦੇ ਪ੍ਰੀ-ਕੁਆਰਟਰਜ਼ ਵਿੱਚ ਅਲਜੀਰੀਆ ਦੀ ਇਚਰਕ ਚਾਇਬ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਦਾ ਟਿਕਟ ਕਟਾ ਲਿਆ ਹੈ। ਇਸ ਦੌਰਾਨ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ.ਸੀ.ਮੈਰੀ ਕੌਮ ਤੇ ਸਤੀਸ਼ ਕੁਮਾਰ ਭਲਕੇ ਆਪੋ-ਆਪਣੇ ਭਾਰ ਵਰਗ ਵਿੱਚ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਖੇਡਣਗੇ। ਪੂਜਾ ਰਾਣੀ (30) ਨੇ ਆਪਣੇ ਤੋਂ 10 ਸਾਲ ਜੂਨੀਅਰ ਅਲਜੀਰੀਅਨ ਮੁੱਕੇਬਾਜ਼ ’ਤੇ ਪੂਰੇ ਮੈਚ ਦੌਰਾਨ ਦਬਦਬਾ ਬਣਾਈ ਰੱਖਿਆ। ਹਰਿਆਣਾ ਦੀ ਮੁੱਕੇਬਾਜ਼ ਨੇ ਮੈਚ ਦੌਰਾਨ ਸੱਜੇ ਹੱਥ ਦੇ ਸਿੱਧੇ ਦਮਦਾਰ ਘਸੁੰਨਾਂ ਨਾਲ ਆਪਣੀ ਪਕੜ ਰੱਖੀ। ਭਾਰਤੀ ਮੁੱਕੇਬਾਜ਼ ਨੂੰ ਚਾਇਬ ਦੇ ਰਿੰਗ ਵਿੱਚ ਥਿੜਕਨ ਦਾ ਵੀ ਫਾਇਦਾ ਮਿਲਿਆ। ਤਿੰਨੇ ਰਾਊਂਡਾਂ ਵਿੱਚ ਰਾਣੀ ਦਾ ਦਬਦਬਾ ਰਿਹਾ ਜਦੋਂਕਿ ਚਾਇਬ ਵੀ ਆਪਣਾ ਪਹਿਲਾ ਓਲੰਪਿਕ ਖੇਡ ਰਹੀ ਸੀ। ਉਹ ਘਸੁੰਨਾਂ ਨੂੰ ਸਹੀ ਥਾਵੇਂ ਜੜਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ। ਰਾਣੀ ਨੇ ਪੂਰੀ ਬਾਊਟ ਦੌਰਾਨ ਜਵਾਬੀ ਹਮਲੇ ਕੀਤੇ ਜਦੋਂਕਿ ਚਾਇਬ ਨੇ ਦਮਦਾਰ ਘਸੁੰਨ ਲਾਉਣ ਦੇ ਯਤਨ ਕੀਤੇ, ਪਰ ਉਹ ਆਪਣੇ ਨਿਸ਼ਾਨੇ ਤੋਂ ਖੁੰਝਦੇ ਰਹੇ। ਰਾਣੀ ਹੁਣ 31 ਜੁਲਾਈ ਨੂੰ ਕੁਆਰਟਰ ਫਾਈਨਲ ਵਿੱਚ ਓਲੰਪਿਕ ਤਗ਼ਮਾ ਜੇਤੂ, ਦੋ ਵਾਰ ਦੀ ਏਸ਼ਿਆਈ ਚੈਂਪੀਅਨ ਤੇ ਸਾਬਕਾ ਵਿਸ਼ਵ ਸੋਨ ਤਗ਼ਮਾ ਜੇਤੂ ਚੀਨ ਦੀ ਲੀ ਕਿਆਨ ਨਾਲ ਭਿੜੇਗੀ। ਚੀਨੀ ਮੁੱਕੇਬਾਜ਼ ਦਾ ਪੂਜਾ ਖ਼ਿਲਾਫ਼ ਰਿਕਾਰਡ ਸ਼ਾਨਦਾਰ ਹੈ। ਉਹ ਭਾਰਤੀ ਮੁੱਕੇਬਾਜ਼ ਨੂੰ 2014 ਏਸ਼ਿਆਈ ਖੇਡਾਂ ਦੇ ਸੈਮੀ ਫਾਈਨਲ ਤੇ ਪਿਛਲੇ ਸਾਲ ਜੌਰਡਨ ਏਸ਼ਿਆਈ ਓਲੰਪਿਕ ਕੁਆਲੀਫਾਇਰ ਵਿੱਚ ਵੀ ਹਰਾ ਚੁੱਕੀ ਹੈ। ਉਧਰ ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮ.ਸੀ.ਮੈਰੀ ਕੌਮ (51 ਕਿਲੋ) ਵੀਰਵਾਰ ਨੂੰ ਪ੍ਰੀ-ਕੁਆਰਟਰਜ਼ ਵਿੱਚ ਕੋਲੰਬੀਆ ਦੀ ਇਨਗ੍ਰਿਟ ਵਾਲੇਂਸੀਆ ਨਾਲ ਮੱਥਾ ਲਾਏਗੀ। ਮੈਰੀ ਕੌਮ ਦਾ ਕੋਲੰਬਿਆਈ ਮੁੱਕੇਬਾਜ਼ ਖ਼ਿਲਾਫ਼ ਰਿਕਾਰਡ ਕਾਫ਼ੀ ਚੰਗਾ ਹੈ। ਭਾਰਤੀ ਮਹਿਲਾ ਮੁੱਕੇਬਾਜ਼ ਨੇ ਉਸ ਖਿਲਾਫ਼ ਖੇਡੇ ਦੋਵੇਂ ਮੁਕਾਬਲੇ ਜਿੱਤੇ ਹਨ। ਪੁਰਸ਼ਾਂ ਦੇ ਵਰਗ ਵਿਚ ਆਪਣਾ ਪਲੇਠਾ ਓਲੰਪਿਕ ਖੇਡ ਰਿਹਾ ਸਤੀਸ਼ ਕੁਮਾਰ (91 ਕਿਲੋ ਤੋਂ ਵੱਧ) ਪ੍ਰੀ-ਕੁਆਰਟਰਜ਼ ਵਿੱਚ ਜਮਾਇਕਾ ਦੇ ਰਿਕਾਰਡੋ ਬ੍ਰਾਊਨ ਨਾਲ ਦੋ ਦੋ ਹੱਥ ਕਰੇਗਾ। ੲੇਸ਼ਿਆਈ ਖੇਡਾਂ ’ਚ ਕਾਂਸੀ ਦਾ ਤਗ਼ਮਾ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਸਤੀਸ਼ ਸੁਪਰ ਹੈਵੀਵੇਟ ਵਰਗ ਵਿੱਚ ਭਾਰਤ ਵੱਲੋਂ ਕੱਟ ਹਾਸਲ ਕਰਨ ਵਾਲਾ ਪਹਿਲਾ ਮੁੱਕੇਬਾਜ਼ ਹੈ। ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਨੌਂ ਮੁੱਕੇਬਾਜ਼ਾਂ ਵਿੱਚੋਂ ਮਨੀਸ਼ ਕੌਸ਼ਿਕ (63 ਕਿਲੋ), ਵਿਕਾਸ ਕ੍ਰਿਸ਼ਨ (69 ਕਿਲੋ) ਤੇ ਆਸ਼ੀਸ਼ ਚੌਧਰੀ(75 ਕਿਲੋ) ਸ਼ੁਰੂਆਤੀ ਮੁਕਾਬਲੇ ਹਾਰ ਕੇ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ।