ਨਵੀਂ ਦਿੱਲੀ,  ਏਸ਼ਿਆਈ ਚਾਂਦੀ ਦਾ ਤਗ਼ਮਾ ਜੇਤੂ ਸ਼ਿਵ ਥਾਪਾ (60 ਕਿਲੋ) ਨੇ ਚੈੱਕ ਗਣਰਾਜ ’ਚ ਚੱਲ ਰਹੇ ਗ੍ਰਾਂ ਪ੍ਰੀ ਉਸਤੀ ਨਾਦ ਲਾਬੇਮ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀ ਫਾਈਨਲ ’ਚ ਪਹੁੰਚ ਕੇ ਘੱਟ ਤੋਂ ਘੱਟ ਕਾਂਸੀ ਦਾ ਤਗ਼ਮਾ ਪੱਕਾ ਕਰ ਲਿਆ ਹੈ ਜਦਕਿ ਤਿੰਨ ਹੋਰ ਭਾਰਤੀ ਮੁੱਕੇਬਾਜ਼ ਵੀ ਸੈਮੀ ਫਾਈਨਲ ’ਚ ਪਹੁੰਚ ਗਏ ਹਨ। ਸ਼ਿਵ ਨੇ ਸਥਾਨਕ ਮੁੱਕੇਬਾਜ਼ ਐਰਿਕ ਹੁਲੇਵ ਨੂੰ ਹਰਾਇਆ। ਉਸ ਤੋਂ ਇਲਾਵਾ ਗੌਰਵ ਬਿਧੁੜੀ (56 ਕਿਲੋ), ਕਵਿੰਦਰ ਬਿਸ਼ਟ (52 ਕਿਲੋ) ਅਤੇ ਅਮਿਤ ਫਾਂਗਲ (49 ਕਿਲੋ) ਵੀ ਸੈਮੀ ਫਾਈਨਲ ’ਚ ਪਹੁੰਚ ਗਏ ਹਨ, ਜਿਨ੍ਹਾਂ ਨੂੰ ਬਾਇ ਮਿਲਿਆ ਹੈ। ਸੁਮਿਤ ਸਾਂਗਵਾਨ (91 ਕਿਲੋ) ਅਤੇ ਮਨੀਸ਼ ਪੰਵਾਰ (81 ਕਿਲੋ) ਵੀ ਕੁਆਰਟਰ ਫਾਈਨਲ ’ਚ ਪਹੁੰਚ ਗਏ ਹਨ।
ਸੁਮਿਤ ਨੇ ਚੈੱਕ ਗਣਰਾਜ ਦੇ ਜਿਰੀ ਹੋਰਕੀ ਨੂੰ ਅਤੇ ਮਨੀਸ਼ ਨੇ ਬੈਲਜੀਅਮ ਦੇ ਯਾਸਿਨੇ ਆਈਦਿਰ ਨੂੰ ਹਰਾਇਆ। ਸਤੀਸ਼ ਕੁਮਾਰ (ਜਮ੍ਹਾਂ 91 ਕਿਲੋ), ਮਨੋਜ ਕੁਮਾਰ (69 ਕਿਲੋ) ਅਤੇ ਆਸ਼ੀਸ਼ ਕੁਮਾਰ (64 ਕਿਲੋ) ਨੂੰ ਵੀ ਪਹਿਲੇ ਦੌਰ ’ਚ ਬਾਈ ਮਿਲਿਆ ਹੈ। ਇਸ ਟੂਰਨਾਮੈਂਟ ’ਚ ਖੇਡ ਰਹੇ ਨੌਂ ’ਚੋਂ ਸੱਤ ਭਾਰਤੀ ਮੁੱਕੇਬਾਜ਼ਾਂ ਨੇ ਜਰਮਨੀ ਦੇ ਹੈਮਬਰਗ ’ਚ 25 ਅਗਸਤ ਤੋਂ ਦੋ ਸਤੰਬਰ ਤੱਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ।