ਅੰਮਾਨ (ਜੌਰਡਨ) 4 ਮਾਰਚ
ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਗੌਰਵ ਸੋਲੰਕੀ (57 ਕਿਲੋ) ਅਤੇ ਅਸ਼ੀਸ਼ ਕੁਮਾਰ (75 ਕਿਲੋ) ਏਸ਼ਿਆਈ ਓਲੰਪਿਕ ਕੁਆਲੀਫਾਇਰ ਦੇ ਸ਼ੁਰੂਆਤੀ ਗੇੜ ਵਿੱਚ ਅੱਜ ਇੱਥੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਆਖ਼ਰੀ-16 ਵਿੱਚ ਪਹੁੰਚ ਗਏ। ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ (52 ਕਿਲੋ ਭਾਰ ਵਰਗ) ਜੇਤੂ ਸੋਲੰਕੀ ਨੇ ਕਿਰਗਿਸਤਾਨ ਦੇ ਅਕੀਲਬੈੱਕ ਐਸਨਬੈੱਕ ਯੁਲੂ ਨੂੰ 5-0 ਨਾਲ ਸ਼ਿਕਸਤ ਦਿੱਤੀ। ਏਸ਼ਿਆਈ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗ਼ਮਾ ਜੇਤੂ ਅਸ਼ੀਸ਼ ਨੇ ਤਾਇਵਾਨ ਦੇ ਕਾਨ ਚੀਆ-ਵੇਈ ਨੂੰ ਮਾਤ ਦਿੱਤੀ। ਭਾਰਤੀ ਮੁੱਕੇਬਾਜ਼ ਨੇ ਇਸ ਮੁਕਾਬਲੇ ਵੱਚ 5-0 ਦੀ ਮਜ਼ਬੂਤ ਜਿੱਤ ਦਰਜ ਕੀਤੀ।
ਪ੍ਰੀ-ਕੁਆਰਟਰ ਵਿੱਚ ਸੋਲੰਕੀ ਦਾ ਸਾਹਮਣਾ ਚੋਟੀ ਦਾ ਦਰਜਾ ਪ੍ਰਾਪਤ ਉਜ਼ਬੇਕਿਸਤਾਨ ਦੇ ਮਿਰਾਜ਼ਿਜ਼ਬੈੱਕ ਮਿਰਜ਼ਾਖਾਲਿਲੋਵ ਨਾਲ ਹੋਵੇਗਾ, ਜਿਸ ਨੂੰ ਪਹਿਲੇ ਗੇੜ ਵਿੱਚ ਬਾਈ ਮਿਲੀ ਹੈ। ਮਿਰਜ਼ਾਖਾਲਿਲੋਵ ਵਿਸ਼ਵ ਚੈਂਪੀਅਨ ਹੈ। ਉਸਨੇ 2018 ਏਸ਼ਿਆਈ ਖੇਡਾਂ ਅਤੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਜਿੱਤੇ ਸਨ। ਅਸ਼ੀਸ਼ ਪ੍ਰੀ-ਕੁਆਰਟਰ ਵਿੱਚ ਚੌਥਾ ਦਰਜਾ ਪ੍ਰਾਪਤ ਕਿਰਗਿਸਤਾਨ ਦੇ ਓਮੁਰਬੈੱਕ ਬੇਖਜਿਤ ਯੁਲੂ ਨਾਲ ਭਿੜੇਗਾ। ਉਸ ਨੇ ਬੀਤੇ ਸਾਲ ਏਸ਼ਿਆਈ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਇਸ ਮੁੱਕੇਬਾਜ਼ ਨੂੰ ਹਰਾਇਆ ਸੀ।
ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਮੁੱਕੇਬਾਜ਼ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਜਾਣਗੇ। ਵਿਸ਼ਵ ਚਾਂਦੀ ਦਾ ਤਗ਼ਮਾ ਜੇਤੂ ਅਮਿਤ ਪੰਘਾਲ (52 ਕਿਲੋ) ਨੂੰ ਪੁਰਸ਼ ਵਰਗ ਵਿੱਚ ਸਿਖਰਲਾ ਦਰਜਾ ਦਿੱਤਾ ਗਿਆ ਹੈ, ਜਦਕਿ ਐੱਮਸੀ ਮੇਰੀਕੋਮ (51 ਕਿਲੋ) ਨੂੰ ਮਹਿਲਾ ਵਰਗ ਵਿੱਚ ਦੂਜਾ ਦਰਜਾ ਮਿਲਿਆ ਹੈ। ਹੋਰ ਭਾਰਤੀਆਂ ਵਿੱਚ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਕਾਂਸੀ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ (69 ਕਿਲੋ), ਏਸ਼ਿਆਈ ਚੈਂਪੀਅਨਸ਼ਿਪ ਦੀ ਸੋਨ ਤਗ਼ਮਾ ਜੇਤੂ ਪੂਜਾ ਰਾਣੀ (75 ਕਿਲੋ) ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਸਤੀਸ਼ ਕੁਮਾਰ (91 ਕਿਲੋ ਤੋਂ ਵੱਧ) ਡਰਾਅ ਦੇ ਛੋਟੇ ਆਕਾਰ ਕਾਰਨ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਇੱਕ ਜਿੱਤ ਦੂਰ ਹਨ।
ਸ਼ਾਨਦਾਰ ਜਿੱਤ ਦਰਜ ਕਰਨ ਮਗਰੋਂ ਅਸ਼ੀਸ਼ ਨੇ ਕਿਹਾ, ‘‘ਮੈਂ ਪਹਿਲਾਂ ਵੀ ਚੀਆ-ਵੇਈ ਖ਼ਿਲਾਫ਼ ਖੇਡਿਆ ਹਾਂ, ਪਰ ਉਦੋਂ ਹਾਰ ਗਿਆ ਸੀ। ਅੱਜ ਮੈਂ ਕੋਈ ਗ਼ਲਤੀ ਨਹੀਂ ਕੀਤੀ। ਮੇਰਾ ਹੌਸਲਾ ਇਸ ਲਈ ਵੀ ਵਧਿਆ ਹੋਇਆ ਸੀ ਕਿਉਂਕਿ ਮੈਂ ਮੁਕਾਬਲੇ ਦੀ ਚੰਗੀ ਤਿਆਰੀ ਕੀਤੀ ਸੀ।’’