ਨਵੀਂ ਦਿੱਲੀ:ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋ) ਨੂੰ ਰੂਸ ਦੇ ਸੇਂਟ ਪੀਟਰਜ਼ਬਰਗ ਵਿਚ ਚੱਲ ਰਹੇ ਗਵਰਨਰਜ਼ ਕੱਪ ਦੇ ਸੈਮੀਫਾਈਨਲ ਵਿਚ ਵਿਸ਼ਵ ਚੈਂਪੀਅਨ ਸ਼ੇਖੋਬੀਦੀਨ ਜ਼ੋਈਰੋਵ ਤੋਂ ਹਾਰ ਕੇ ਕਾਂਸੇ ਦੇ ਤਗਮੇ ਨਾਲ ਸਬਰ ਕਰਨਾ ਪਿਆ। ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗਮਾ ਜੇਤੂ ਅਮਿਤ ਨੂੰ ਉਜ਼ਬੇਕਿਸਤਾਨ ਦੇ ਓਲੰਪਿਕ ਚੈਂਪੀਅਨ ਤੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਚੈਂਪੀਅਨਸ਼ਿਪ-2019 ਤੋਂ ਬਾਅਦ ਜ਼ੋਈਰੋਵ ਖ਼ਿਲਾਫ਼ ਭਾਰਤ ਦੀ ਇਹ ਦੂਜੀ ਹਾਰ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ ਜ਼ੋਈਰੋਵ ਨੇ ਅਮਿਤ ਨੂੰ ਹਰਾਇਆ ਸੀ। ਦੋਵੇਂ ਮੁੱਕੇਬਾਜ਼ ਜੁਲਾਈ-ਅਗਸਤ ਵਿਚ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਚੁੱਕੇ ਹਨ।