ਨਵੀਂ ਦਿੱਲੀ: ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਗ਼ਮਾ ਜੇਤੂ ਭਾਰਤੀ ਮੁੱਕੇਬਾਜ਼ ਆਕਾਸ਼ ਕੁਮਾਰ (57 ਕਿੱਲੋ) ਨੇ ਫਲਸਤੀਨ ਦੇ ਵਸੀਮ ਅਬੂਸਲ ਨੂੰ ਹਰਾ ਕੇ ਬੋਸਨੀਆ ਤੇ ਹਰਜ਼ੇਗੋਵਿਨਾ ਦੇ ਸਾਰਾਜੇਵੋ ਵਿੱਚ ਚੱਲ ਰਹੇ ਮੁਸਤਫਾ ਹਜਰੁੱਲਾਹੋਵਿਚ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਵਿਸ਼ਵ ਚੈਂਪੀਅਨਸ਼ਿਪ 2021 ਦੇ ਕਾਂਸੀ ਤਗ਼ਮਾ ਜੇਤੂ ਆਕਾਸ਼ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਅਤੇ ਪਹਿਲੇ ਗੇੜ ਤੋਂ ਦਬਾਅ ਬਣਾਈ ਰੱਖਿਆ। ਅਬੂਸਲ ਨੇ ਦੂਜੇ ਗੇੜ ਵਿੱਚ ਜਵਾਬੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਿਸੇ ਤਰ੍ਹਾਂ ਦੀ ਸਫਲਤਾ ਨਹੀਂ ਮਿਲੀ। ਇਸੇ ਦਰਮਿਆਨ ਆਕਾਸ਼ ਨੇ ਆਪਣੀ ਹਮਲਾਵਰ ਖੇਡ ਜਾਰੀ ਰੱਖੀ। ਭਾਰਤੀ ਮੁੱਕੇਬਾਜ਼ ਨੇ ਆਪਣੇ ਵਿਰੋਧੀ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਉਸ ਨੇ 5-0 ਦੇ ਸਰਬਸੰਮਤੀ ਵਾਲੇ ਫੈਸਲੇ ਨਾਲ ਸ਼ਨਿਚਰਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਜਗ੍ਹਾ ਬਣਾਈ। ਭਾਰਤ ਦੇ ਦੋ ਹੋਰ ਮੁੱਕੇਬਾਜ਼ ਮਨੀਸ਼ ਕੌਸ਼ਿਕ (63.5 ਕਿਲੋ) ਅਤੇ ਮੰਜੂ ਰਾਣੀ (50 ਕਿਲੋ) ਸ਼ੁੱਕਰਵਾਰ ਨੂੰ ਆਪੋ-ਆਪਣੇ ਸੈਮੀ ਫਾਈਨਲ ਮੁਕਾਬਲੇ ਖੇਡਣਗੇ।