ਨਵੀਂ ਦਿੱਲੀ:ਓਲੰਪਿਕ ਦੀ ਤਿਆਰੀ ਕਰ ਰਹੇ ਅਮਿਤ ਪੰਘਲ (52 ਕਿਲੋਗ੍ਰਾਮ) ਨੇ ਰੂਸ ਦੇ ਸੇਂਟ ਪੀਟਰਜ਼ਬਰਗ ਵਿੱਚ ਚੱਲ ਰਹੇ ਗਵਰਨਸ ਕੱਪ ਮੁੱਕੇਬਾਜ਼ੀ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਤਗ਼ਮਾ ਪੱਕਾ ਕਰ ਲਿਆ ਹੈ ਜਦਕਿ ਪੰਜ ਹੋਰ ਭਾਰਤੀ ਮੁੱਕੇਬਾਜ਼ਾਂ ਨੂੰ ਪਹਿਲੇ ਦੌਰ ਵਿੱਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗ਼ਮਾ ਜੇਤੂ ਅਤੇ ਏਸ਼ਿਆਈ ਖੇਡਾਂ ਦੇ ਮੌਜੂਦਾ ਚੈਂਪੀਅਨ ਅਮਿਤ ਪੰਘਲ ਨੇ ਸਥਾਨਕ ਖਿਡਾਰੀ ਤਾਮਿਰ ਗਾਲਾਨੋਵ ਨੂੰ 5-0 ਨਾਲ ਹਰਾ ਕੇ ਆਖ਼ਰੀ ਚਾਰ ’ਚ ਜਗ੍ਹਾ ਬਣਾਈ। ਦੂਜੇ ਪਾਸੇ ਸੁਮਿਤ ਸਾਂਗਵਾਨ (81 ਕਿਲੋਗ੍ਰਾਮ), ਮੁਹੰਮਦ ਹੁਸਾਮੂਦੀਨ (57 ਕਿਲੋਗ੍ਰਾਮ), ਨਮਨ ਤੰਵਰ (91 ਕਿਲੋਗ੍ਰਾਮ), ਓਲੰਪਿਕ ’ਚ ਜਗ੍ਹਾ ਬਣਾ ਚੁੱਕੇ ਆਸ਼ੀਸ਼ ਕੁਮਾਰ (75 ਕਿਲੋਗ੍ਰਾਮ) ਤੇ ਵਿਨੋਦ ਤੰਵਰ ਸ਼ੁਰੂ ਵਿੱਚ ਹੀ ਬਾਹਰ ਹੋ ਗਏ।