ਮਿੰਦਰ ਦੇ ਘਰ ਉਸ ਦੀਆਂ ਸਹੇਲੀਆਂ ਮਿਲਣ ਆਈਆਂ ਸਨ। ਪੜ੍ਹਣ ਸਮੇਂ ਦੀਆਂ ਕੁਝ ਕੁ ਸਹੇਲੀਆਂ ਇਕੱਠੀਆਂ ਹੋਈਆਂ ਸਨ ਜੋ ਵੱਖ-ਵੱਖ ਕੰਮਾਂ ਕਿੱਤਿਆਂ ’ਤੇ ਲੱਗੀਆਂ ਸਨ ਤੇ ਵਿੱਚੋਂ ਦੋ-ਤਿੰਨ ਦਾ ਤਾਂ ਵਿਆਹ ਵੀ ਹੋ ਗਿਆ ਸੀ। ਘਰ ਵਿੱਚ ਵਿਆਹ ਵਰਗਾ ਮਾਹੌਲ ਬਣ ਗਿਆ ਸੀ। ਸਾਰੀਆਂ ਆਪਸ ਵਿੱਚ ਹੱਸ ਹੱਸ ਗੱਲਾਂ ਕਰ ਰਹੀਆਂ ਸਨ।
ਇੱਕ ਨੇ ਕਿਹਾ, ‘‘ਕਾਲਜ ਵੇਲੇ ਦੀ ਜ਼ਿੰਦਗੀ ਦਾ ਕੁਝ ਹੋਰ ਈ ਤਰ੍ਹਾਂ ਦਾ ਵੱਖਰਾ ਜਿਹਾ ਸੁਆਦ ਹੁੰਦੈ। ਪੜ੍ਹਣ ਦੀ ਲਾਲਸਾ, ਖੇਡਣ ਲਈ ਉਤਸ਼ਾਹ, ਸੱਜਣਾਂ ਮਿੱਤਰਾਂ ਨਾਲ ਮਿਲਣ ਦੀ ਤਾਂਘ ਤੇ ਨੱਚਣ-ਗਾਉਣ ਦਾ ਚਾਅ। ਇਹ ਸਭ ਕਿੰਨੇ ਹੀ ਵੱਖਰੇ ਜਿਹੇ ਚਾਅ-ਮਲ੍ਹਾਰ ਹੁੰਦੇ ਐ।’’
ਹਰਪ੍ਰੀਤ ਕਾਲਜ ਵੇਲੇ ਦੀਆਂ ਹੋਰ ਵੀ ਅਜਿਹੀਆਂ ਗੱਲਾਂ ਕਰੀ ਜਾ ਰਹੀ ਸੀ। ਅਚਾਨਕ ਉਸ ਦੀ ਨਿਗ੍ਹਾ ਮਿੰਦਰ ਦੇ ਉਸ ਹੱਥ ’ਤੇ ਜਾ ਪਈ ਜਿਸ ਵਿੱਚ ਇੱਕ ਤਾਂਬੇ ਦੀ ਮੁੰਦਰੀ ਪਾਈ ਹੋਈ ਸੀ। ਇਹ ਮੁੰਦਰੀ ਮਿੰਦਰ ਦੇ ਸੱਜੇ ਹੱਥ ਦੀ ਵਿਚਕਾਰਲੀ ਉਂਗਲ ਵਿੱਚ ਪਾਈ ਹੋਈ ਸੀ ਜੋ ਬਹੁਤ ਪੁਰਾਣੀ ਹੋਣ ਦੇ ਬਾਵਜੂਦ ਬਹੁਤ ਲਿਸ਼ਕ ਤੇ ਸੋਹਣੀ ਲੱਗ ਰਹੀ ਸੀ।
ਮਿੰਦਰ ਨੂੰ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਇਸ ਨੂੰ ਸ਼ਾਮ ਸਵੇਰੇ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਦੀ ਹੈ ਤੇ ਇਸ ਦਾ ਖ਼ਾਸ ਖਿਆਲ ਵੀ ਰੱਖਦੀ ਹੈ।
‘‘ਬਈ ਖ਼ਾਸ ਚੀਜ਼ ਦਾ ਖ਼ਾਸ ਖਿਆਲ ਤਾਂ ਰੱਖਣਾ ਹੀ ਪੈਂਦੈ,’’ ਹਰਜੀਤ ਨੇ ਥੋੜ੍ਹਾ ਮੁਸਕਰਾ ਕੇ ਮਜ਼ਾਕ ’ਚ ਕਿਹਾ, ‘‘ਨਾਲੇ ਕੀ ਪਤਾ… ਇਸ ਮੁੰਦਰੀ ਦੀ ਕੀ ਕੀਮਤ ਐ।’’
ਮਿੰਦਰ ਨੇ ਉਸ ਦਾ ਇਸ਼ਾਰਾ ਸਮਝ ਕੇ ਕਿਹਾ, ‘‘ਨਹੀਂ ਹਰਜੀਤ! ਇਹੋ ਜਿਹੀ ਕੋਈ ਗੱਲ ਨਹੀਂ ਜੋ ਤੂੰ ਸਮਝ ਰਹੀ ਏਂ।’’ ‘‘ਨਹੀਂ ਮਿੰਦਰ, ਅਜਿਹੀ ਕਿਸੇ ਚੀਜ਼ ਦੀ ਸੰਭਾਲ ਕਿਸੇ ਖ਼ਾਸ ਗੱਲ ਤੋਂ ਬਿਨਾਂ ਨਹੀਂ ਕੀਤੀ ਜਾਂਦੀ। ਕੋਈ ਨਾ ਕੋਈ ਰਾਜ ਤਾਂ ਛੁਪਿਐ ਇਸ ਮੁੰਦਰੀ ’ਚ।’’ ‘‘ਨਹੀਂ ਨਹੀਂ, ਕੋਈ ਵੀ ਇਹੋ ਜਿਹੀ ਗੱਲ ਨਹੀਂ ਜੋ ਤੂੰ ਮੈਥੋਂ ਪੁੱਛਣਾ ਚਾਹੁੰਦੀ ਏਂ।’’
‘‘ਅੱਛਾ! ਫਿਰ ਤਾਂ ਇਹ ਮੁੰਦਰੀ ਤੂੰ ਮੈਨੂੰ ਦੇ ਦੇ। ਮੈਨੂੰ ਬਹੁਤ ਚੰਗੀ ਲੱਗੀ ਐ ਤੇ ਕੁਝ ਪੁਰਾਣੇ ਸਮੇਂ ਦੀ ਹੋਣ ਕਰਕੇ ਮੇਰੇ ਮਨ ਨੂੰ ਹੋਰ ਵੀ ਭਾਉਂਦੀ ਐ,’’ ਹਰਪ੍ਰੀਤ ਨੇ ਵਾਸਤਾ ਜਿਹਾ ਪਾਉਂਦੀ ਨੇ ਕਿਹਾ, ‘‘ਭੈਣ ਬਣ ਕੇ ਮੈਨੂੰ ਦੇ ਦੇ… ਮੈਨੂੰ ਚੰਗੀ ਲੱਗੀ ਐ।’’
ਮਿੰਦਰ ਨੇ ਝੱਟ ਨਾਂਹ ਕਰ ਦਿੱਤੀ, ‘‘ਮੁਆਫ਼ ਕਰਨਾ ਛੋਟੀ ਭੈਣ! ਮੈਂ ਤੈਨੂੰ ਇਹ ਮੁੰਦਰੀ ਕਿਸੇ ਵੀ ਕੀਮਤ ’ਤੇ ਨਹੀਂ ਦੇ ਸਕਦੀ। ਮੇਰਾ ਤਾਂ ਸਭ ਕੁਝ ਹੀ ਇਹ ਮੁੰਦਰੀ ਏ।’’
‘‘ਚੱਲ ਠੀਕ ਏ ਭਾਈ ਨਾ ਦੇ। ਸਾਂਭ ਕੇ ਰੱਖ ਇਹਨੂੰ ਆਪਣੀ ਜਾਨ ਤੋਂ ਪਿਆਰੀ ਨੂੰ, ਪਰ ਸਾਨੂੰ ਦੱਸ ਤਾਂ ਦੇ ਬਈ ਆਈ ਕਿਵੇਂ ਤੇਰੇ ਕੋਲ ਐਨੀ ਸੋਹਣੀ…’’ ਹਰਜੀਤ ਨੇ ਥੋੜ੍ਹਾ ਮੁਸਕਰਾ ਕੇ ਫਿਰ ਮਜ਼ਾਕ ’ਚ ਕਿਹਾ। ‘‘ਨਹੀਂ ਹਰਜੀਤ, ਤੈਨੂੰ ਕਿਹਾ ਨਾ ਕਿ ਉਹੋ ਜਿਹੀ ਗੱਲ ਨਹੀਂ,’’ ਮਿੰਦਰ ਨੇ ਥੋੜ੍ਹਾ ਗੰਭੀਰਤਾ ਨਾਲ ਕਿਹਾ।
‘‘ਅੱਛਾ, ਕੋਈ ਹੋਰ ਵਿਸ਼ਾ ਨਹੀਂ ਆਪਣੇ ਕੋਲ ਜਿਸ ’ਤੇ ਆਪਾਂ ਗੱਲਾਂ ਕਰ ਸਕੀਏ?’’ ਮਿੰਦਰ ਨੇ ਗੱਲ ਬਦਲਦਿਆਂ ਕਿਹਾ। ‘‘ਨਹੀਂ ਭੈਣ ਜੀ,’’ ਹਰਪ੍ਰੀਤ ਨੇ ਜਵਾਬ ’ਚ ਕਿਹਾ।
‘‘ਕਿਉਂ?’’ ਮਿੰਦਰ ਨੇ ਪੁੱਛਿਆ।
‘‘ਹਾਲ ਦੀ ਘੜੀ ਤਾਂ ਤੇਰੀ ਇਸ ਮੁੰਦਰੀ ਬਾਰੇ ਹੀ ਗੱਲ ਚੱਲੇਗੀ। ਜਾਂ ਤਾਂ ਭਲਮਾਣਸੀ ਨਾਲ ਸਾਨੂੰ ਇਸ ਬਾਰੇ ਦੱਸ, ਨਹੀਂ ਤਾਂ ਮੈਂ ਲਾਹ ਲੈਣੀ ਏ। ਫੇਰ ਜਿਹੜੀ ਮਰਜ਼ੀ ਗੱਲ ਕਰੀਂ।’’ ਹਰਪ੍ਰੀਤ ਨੇ ਕਿਹਾ।
ਮਿੰਦਰ ਨੇ ਠੀਕ ਹੋ ਕੇ ਬੈਠਦਿਆਂ ਕਿਹਾ, ‘‘ਇਸ ਮੁੰਦਰੀ ਦੀ ਕਹਾਣੀ ਵੀ ਇਸ ਵਾਂਗ ਪੁਰਾਣੀ ਐ। ਇਹ ਤਾਂ ਵਿਚਾਰੀ ਯੁੱਗਾਂ ਪੁਰਾਣੀ ਐ। ਅੱਜ ਮੇਰੀ ਜਾਨ ਬਣ ਕੇ ਮੇਰੀ ਇਸ ਉਂਗਲ ’ਚ ਪਈ ਹੈ।’’
ਸਾਰੀਆਂ ਸਹੇਲੀਆਂ ਦਾ ਧਿਆਨ ਮਿੰਦਰ ਵੱਲ ਹੋ ਗਿਆ। ਉਹ ਫਿਰ ਬੋਲੀ,
‘‘ਦੋ ਸਾਲ ਪੁਰਾਣੀ ਗੱਲ ਐ। ਮੈਂ ਸੋਚਿਆ ਸੀ ਕਿ ਬਸ ਪੜ੍ਹਾਈ ਪੂਰੀ ਹੋ ਜਾਵੇ ਤਾਂ ਲਾਹੌਰ ਗੇੜਾ ਜ਼ਰੂਰ ਲਾਵਾਂ। ਦਰਅਸਲ, ਮੇਰੀ ਸ਼ੁਰੂ ਤੋਂ ਹੀ ਇੱਛਾ ਰਹੀ ਸੀ ਕਿ ਇੱਕ ਵਾਰ ਪਾਕਿਸਤਾਨ ਜ਼ਰੂਰ ਜਾਵਾਂਗੀ। ਮੈਂ ਪਟਿਆਲੇ ਵਾਲੀ ਅਮਨ ਤੇ ਸੱਤੀ ਨੂੰ ਵੀ ਆਪਣੇ ਨਾਲ ਤਿਆਰ ਕਰ ਲਿਆ ਸੀ।’’
‘‘ਕਿਹੜਾ ਸੱਤੀ?ਹਰਜੀਤ ਨੇ ਪੁੱਛਿਆ।
‘‘ਉਹੀ ਜਿਹਨੇ ਆਪਣੇ ਨਾਲ ਐੱਮ.ਏ. ਕੀਤੀ ਸੀ।’’
‘‘ਅੱਛਾ! ਸਤਨਾਮ ਸੱਤੀ,’’ ਹਰਜੀਤ ਨੇ ਫਿਰ ਕਿਹਾ।
‘‘ਇੱਕ ਮਹੀਨੇ ਬਾਅਦ ਅਸੀਂ ਲਾਹੌਰ ਵਾਲੀ ਗੱਡੀ ਚੜ੍ਹ ਗਏ। ਅਸੀਂ ਤਿੰਨੋਂ ਲਾਹੌਰ ਪਹੁੰਚਦਿਆਂ ਹੀ ਆਪਣੇ ਪੁਰਾਣੇ ਪੰਜਾਬ ਦੀ ਮਿੱਟੀ ਨੂੰ ਜਾ ਸਿਰ ਨਿਵਾਇਆ। ਲਾਹੌਰ ਬੈਠ ਚਾਹ ਪੀਤੀ। ਬੜਾ ਨਜ਼ਾਰਾ ਆਇਆ। ਬੈਠਿਆਂ ਬੈਠਿਆਂ ਸੱਤੀ ਨੂੰ ਫੋਨ ਆ ਗਿਆ ਤੇ ਸੱਤੀ ਨੇ ਝੱਟ ਥਾਂ ਟਿਕਾਣਾ ਦੱਸ ਦਿੱਤਾ ਜਿੱਥੇ ਅਸੀਂ ਚਾਹ ਪੀ ਰਹੇ ਸੀ। ਕੁਝ ਸਮੇਂ ਬਾਅਦ ਇੱਕ ਜੀਪ ’ਚ ਨੌਜਵਾਨ ਮੁੰਡਾ ਸਾਨੂੰ ਲੈਣ ਲਈ ਆ ਗਿਆ। ਇਸ ਕਰਕੇ ਸੱਤੀ ਨੂੰ ਨਾਲ ਲਿਆਂਦਾ ਸੀ ਕਿ ਉਸ ਦੇ ਰਿਸ਼ਤੇਦਾਰ ਰਾਵਲਪਿੰਡੀ ਰਹਿੰਦੇ ਸਨ। ਸੱਤੀ ਨਾਲ ਹੋਣ ਕਰਕੇ ਸਾਨੂੰ ਕੋਈ ਫ਼ਿਕਰ ਨਹੀਂ ਸੀ ਕਰਨਾ ਪਿਆ।
ਸੂਰਜ ਦਰੱਖਤਾਂ ਵਿਚਦੀ ਝਾਤੀਆਂ ਮਾਰਦਾ ਛਿਪਦਾ ਜਾ ਰਿਹਾ ਸੀ ਤੇ ਸ਼ਾਮ ਵੇਲੇ ਪੰਛੀ ਆਪਣੇ ਆਲ੍ਹਣਿਆਂ ਵੱਲ ਪਰਤ ਰਹੇ ਸਨ। ਅਸੀਂ ਵੀ ਆਪਣੀ ਮੰਜ਼ਿਲ ’ਤੇ ਪਹੁੰਚ ਚੁੱਕੇ ਸੀ। ਰਾਵਲਪਿੰਡੀ ਪਹੁੰਚ ਕੇ ਇੰਝ ਮਹਿਸੂਸ ਹੋਇਆ ਜਿਵੇਂ ਪੜ੍ਹ ਕੇ ਸ਼ਾਮ ਨੂੰ ਘਰ ਆ ਗਈ ਹੋਵਾਂ। ਘਰ ਜਾ ਕੇ ਸੱਤੀ ਦੇ ਰਿਸ਼ਤੇਦਾਰਾਂ ਨੂੰ ਮਿਲੇ। ਮਣਾਂ ਮੂੰਹੀਂ ਪਿਆਰ ਸਤਿਕਾਰ ਮਿਲਿਆ। ਰਾਤ ਨੂੰ ਰੋਟੀ ਖਾਣ ਤੋਂ ਬਾਅਦ ਦੇਰ ਰਾਤ ਤੱਕ ਗੱਲਾਂ ਕਰਦੇ ਰਹੇ। ਉਹ ਇੱਧਰ ਪੰਜਾਬ ਦੇ ਹਰਿਮੰਦਰ ਸਾਹਿਬ ਦੀਆਂ ਤੇ ਅਸੀਂ ਉੱਧਰ ਦੀਆਂ ਉਨ੍ਹਾਂ ਨੂੰ ਪੁੱਛਦੇ ਰਹੇ।
ਇਸ ਤਰ੍ਹਾਂ ਸਾਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਕਿ ਅਸੀਂ ਪਾਕਿਸਤਾਨ ਵਿੱਚ ਬੈਠੇ ਹਾਂ। ਸਾਨੂੰ ਤਾਂ ਆਪਣਾ ਘਰ ਹੀ ਜਾਪਦਾ ਸੀ। ਅਸੀਂ ਲਾਹੌਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਬਹੁਤ ਘੁੰਮ ਫਿਰ ਲਏ ਸੀ। ਉੱਥੋਂ ਦੀਆਂ ਪੁਰਾਣੀਆਂ ਇਮਾਰਤਾਂ, ਮਹਾਰਾਜਾ ਰਣਜੀਤ ਸਿੰਘ ਸਮੇਂ ਦੇ ਘਰ, ਨਨਕਾਣਾ ਸਾਹਿਬ ਅਤੇ ਹੋਰ ਥਾਵਾਂ ਦੇ ਦਰਸ਼ਨ ਕਰ ਲਏ ਸੀ। ਉਨ੍ਹਾਂ ਬਾਰੇ ਲਿਖ ਲਿਖ ਇੱਕ ਕਾਪੀ ਭਰ ਲਈ ਤੇ ਉੱਥੋਂ ਦੀ ਸੁੰਦਰਤਾ, ਕੁਦਰਤ ਦੀਆਂ ਸਾਦ ਮੁਰਾਦੀਆਂ ਬਖ਼ਸ਼ਿਸ਼ਾਂ, ਕੁਦਰਤੀ ਨਜ਼ਾਰਿਆਂ ਨੂੰ ਕੈਮਰੇ ’ਚ ਕੈਦ ਕਰ ਲਿਆ। ਉੱਥੋਂ ਦੇ ਲੋਕਾਂ ਦੀ ਬੋਲੀ ਦੀ ਮਿਠਾਸ ਅਤੇ ਉਨ੍ਹਾਂ ਦੀ ਮਹਿਮਾਨ-ਨਿਵਾਜ਼ੀ ਸਾਡਾ ਦਿਲ ਮੋਂਹਦੀ ਰਹੀ। ਜਦੋਂ ਕਿਸੇ ਨੂੰ ਮਿਲਦੇ ਤਾਂ ਹਰ ਕੋਈ ਇਹੋ ਕਹਿੰਦਾ, ਚਲੋ ਕੋਈ ਗੱਲ ਨਹੀਂ ਜੇ ਦੂਰ ਆਂ ਤਾਂ ਆਪਣੇ ਦਿਲ ਤਾਂ ਨੇੜੇ ਆ ਨਾ। ਅਜਿਹੀਆਂ ਗੱਲਾਂ ਨਾਲ ਸਾਡਾ ਹੌਸਲਾ ਹੋਰ ਵੀ ਵਧ ਜਾਂਦਾ।
ਜਦੋਂ ਸਾਡੇ ਇਧਰ ਪੰਜਾਬ ਆਉਣ ’ਚ ਚਾਰ ਕੁ ਦਿਨ ਬਾਕੀ ਸਨ ਤਾਂ ਅਸੀਂ ਰਾਵਲਪਿੰਡੀ ਦੇ ਨਾਲ ਲੱਗਦੇ ਪਿੰਡ ਸਲਹੱਡ ਵੀ ਜਾ ਪੁੱਜੇ ਜੋ ਪੰਜਾਬੀ ਦੇ ਸਿਰਮੌਰ ਕਵੀ ਪ੍ਰੋ. ਪੂਰਨ ਸਿੰਘ ਦਾ ਪਿੰਡ ਸੀ।
ਸੱਤੀ ਤੇ ਅਮਨ ਕੁਦਰਤ ਦੀਆਂ ਹੁਸੀਨ ਬਖ਼ਸ਼ਿਸ਼ਾਂ ਨੂੰ ਕੈਮਰੇ ’ਚ ਕੈਦ ਕਰਦੇ ਰਹੇ ਤੇ ਮੈਂ ਪਿੰਡ ਵੇਖਦੀ ਵੇਖਦੀ ਪਿੰਡ ਦੇ ਵਿਚਕਾਰ ਚਲੀ ਗਈ। ਸਾਹਮਣੇ ਦੋ ਅੱਧਖੜ ਉਮਰ ਦੀਆਂ ਔਰਤਾਂ ਮੇਰੇ ਵੱਲ ਬਿਟ ਬਿਟ ਤੱਕ ਰਹੀਆਂ ਸਨ। ਮੇਰੇ ਹੱਥ ਵਿਚ ਕਾਪੀ ਹੋਣ ਕਰਕੇ ਸੋਚ ਰਹੀਆਂ ਸਨ ਕਿ ਕੁਝ ਲਿਖਣ ਆਈ ਹੋਈ ਏ।
ਮੈਂ ਉਨ੍ਹਾਂ ਕੋਲ ਰੁਕੀ ਤੇ ਸਤਿ ਸ੍ਰੀ ਅਕਾਲ ਬੁਲਾਈ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਚੜ੍ਹਦੇ ਪੰਜਾਬ ਤੋਂ ਪਾਕਿਸਤਾਨ ਵੇਖਣ ਆਈ ਹੋਈ ਆਂ। ਇੰਨਾ ਸੁਣਦਿਆਂ ਹੀ ਉਹ ਮੈਨੂੰ ਚਾਅ ਨਾਲ ਜੱਫ਼ੀਆਂ ਪਾ ਪਾ ਮਿਲੀਆਂ। ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰੀ ਮਾਂ ਜਾਂ ਦਾਦੀ ਨੇ ਕਲਾਵੇ ਵਿਚ ਲਿਆ ਹੋਵੇ।
ਉਨ੍ਹਾਂ ਦੇ ਪੁੱਛਣ ’ਤੇ ਮੈਂ ਚਾਹ ਪੀਣ ਦੀ ਇੱਛਾ ਪ੍ਰਗਟਾਈ। ਏਨੇ ਨੂੰ ਸੱਤੀ ਤੇ ਅਮਨ ਵੀ ਆ ਗਏ ਸਨ। ਅਸੀਂ ਜਦੋਂ ਦਰਵਾਜ਼ੇ ’ਚੋਂ ਅਗਾਂਹ ਲੰਘੇ ਤਾਂ ਥੋੜ੍ਹੀ ਥੋੜ੍ਹੀ ਸਰਦੀ ਹੋਣ ਕਰਕੇ ਸਾਹਮਣੇ ਖੁੱਲ੍ਹੇ ਵਿਹੜੇ ਵਿਚ ਕੋਸੀ ਕੋਸੀ ਧੁੱਪ ਦਾ ਸਾਰਾ ਪਰਿਵਾਰ ਆਨੰਦ ਮਾਣ ਰਿਹਾ ਸੀ। ਪਰਿਵਾਰ ਵਿੱਚ ਦੋ ਤਿੰਨ ਅਧਖੜ ਉਮਰ ਦੇ ਬੰਦੇ ਤੇ ਕੁਝ ਛੋਟੇ ਬਾਲ ਤੇ ਇੱਕ ਵੱਡੀ ਉਮਰ ਦਾ ਬਜ਼ੁਰਗ ਬਾਬਾ ਬੈਠਾ ਹੋਇਆ ਸੀ। ਉਨ੍ਹਾਂ ਔਰਤਾਂ ਦੇ ਦੱਸਣ ’ਤੇ ਉਨ੍ਹਾਂ ਸਾਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਤੇ ਮੇਰੇ ਹਾਣ ਦੀ ਕੁੜੀ ਇੱਕ ਮੰਜਾ ਹੋਰ ਚੁੱਕ ਲਿਆਈ। ਚਾਹ ਬਣਨ ਤੱਕ ਅਸੀਂ ਸਾਰੇ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ।
ਚਾਹ ਪੀਣ ਪਿੱਛੋਂ ਵੱਡੀ ਉਮਰ ਦੇ ਬਜ਼ੁਰਗ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ, ‘ਹੁਣ ਦੱਸ ਪੁੱਤ, ਕਿਹੜੇ ਪਿੰਡੋਂ ਆਈ ਏਂ? ਪੰਜਾਬ ਦੇ ਕਿਹੜੇ ਇਲਾਕੇ ’ਚੋਂ ਆਈ ਏਂ? ਇੱਥੇ ਤੇਰਾ ਕੀ ਰਿਸ਼ਤਾ ਏ?’ ਬਾਬਾ ਜੀ ਨੇ ਕਿੰਨੇ ਸਾਰੇ ਸਵਾਲ ਪੁੱਛ ਲਏ। ਸਾਰੇ ਪਰਿਵਾਰ ਵਾਲੇ ਸ਼ਾਂਤ ਸਨ ਤੇ ਮੇਰਾ ਉੱਤਰ ਸੁਣਨ ਲਈ ਮੇਰੇ ਮੂੰਹ ਵੱਲ ਝਾਕ ਰਹੇ ਸਨ।
‘ਬਾਬਾ ਜੀ, ਮੈਂ ਪਿੰਡ ਲੱਖੇਵਾਲੀ ਤੋਂ ਸ. ਹਰਨੇਕ ਸਿੰਘ ਦੀ ਪੋਤਰੀ ਤੇ ਸ. ਕਰਤਾਰ ਸਿੰਘ ਦੀ ਬੇਟੀ ਆਂ।’
‘ਤੇ ਪੁੱਤ, ਤੈਨੂੰ ਤੇਰੇ ਪੜਦਾਦਾ ਜੀ ਦਾ ਨਾਂ ਪਤਾ ਏ?’ ‘ਹਾਂ ਜੀ, ਦਾਦਾ ਜੀ ਨੇ ਦੱਸਿਆ ਕਿ ਹਰਨਾਮ ਸਿੰਘ ਸਕੀਮੀ ਕਹਿੰਦੇ ਸੀ ਉਨ੍ਹਾਂ ਨੂੰ ਜੋ ਸਾਰਾ ਦਿਨ ਬਹੁਤ ਸਕੀਮਾਂ ਘੜਦੇ ਰਹਿੰਦੇ ਸਨ।’
ਇੰਨਾ ਸੁਣਦੇ ਸਾਰ ਹੀ ਬਾਬਾ ਜੀ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ ਤੇ ਮੈਨੂੰ ਆਪਣੇ ਗਲ ਨਾਲ ਲਾ ਲਿਆ। ਰੋਂਦਿਆਂ ਉਹ ਕਹਿ ਰਹੇ ਸਨ, ‘ਪੁੱਤ, ਤੂੰ ਤਾਂ ਮੇਰਾ ਆਪਣਾ ਖ਼ੂਨ ਏਂ, ਮੇਰੇ ਭਰਾ ਦੀ ਪੋਤਰੀ ਏਂ। ਮੈਂ ਤੇ ਮੇਰਾ ਭਰਾ ਹਰਨੇਕ 1947 ਦੀ ਵੰਡ ਵੇਲੇ ਵਿੱਛੜ ਗਏ ਸੀ। ਸਾਡੀਆਂ ਦੋ ਭੈਣਾਂ ਸਨ। ਇੱਕ ਦਾ ਕਤਲ ਹੁੰਦਾ ਮੈਂ ਆਪ ਵੇਖਿਆ ਤੇ ਦੂਜੀ ਤਾਰੀ ਤੁਹਾਡੇ ਨਾਲ ਓਧਰ ਚਲੀ ਗਈ ਸੀ।’ ‘ਹਾਂ ਬਾਬਾ ਜੀ, ਕੁਝ ਸਮਾਂ ਹੋਇਆ ਉਨ੍ਹਾਂ ਨੂੰ ਗੁਜ਼ਰਿਆਂ।’ ‘ਹੈਂ! ਤਾਰੀ ਵੀ ਚੱਲ ਵਸੀ?’’ ਬਜ਼ੁਰਗ ਨੇ ਹੈਰਾਨੀ ਨਾਲ ਪੁੱਛਿਆ। ਇੰਨਾ ਕੁਝ ਸੁਣਦਿਆਂ ਹੀ ਸਾਰੇ ਪਰਿਵਾਰ ਨੇ ਜੱਫ਼ੀਆਂ ਵਿੱਚ ਘੁੱਟ ਲਿਆ। ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਸਨ। ਬਾਬਾ ਜੀ ਇੰਨਾ ਖ਼ੁਸ਼ ਹੋਏ ਜਿਵੇਂ ਉਨ੍ਹਾਂ ਦਾ ਭਰਾ ਮਿਲ ਗਿਆ ਹੋਵੇ। ਉਨ੍ਹਾਂ ਸਾਰੇ ਪਰਿਵਾਰ ਬਾਰੇ ਪੁੱਛਿਆ। ਥੋੜ੍ਹਾ ਉਦਾਸ ਹੋਏ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਦਾਦਾ ਜੀ ਹਰਨੇਕ ਸਿੰਘ ਵੀ ਚੱਲ ਵਸੇ ਤੇ ਦਾਦੀ ਵੀ।
ਬਾਬਾ ਜੀ ਰੱਬ ਦਾ ਦਿਲੋਂ ਸ਼ੁਕਰਾਨਾ ਕਰ ਰਹੇ ਸੀ ਕਿ ਅੱਜ ਉਸ ਨੇ ਉਹਨੂੰ ਉਹਦਾ ਆਪਣਾ ਖ਼ੂਨ ਮਿਲਾਇਆ। ਅਸੀਂ ਚਾਰ ਦਿਨ ਉਨ੍ਹਾਂ ਕੋਲ ਹੀ ਰਹੇ। ਖ਼ੁਸ਼ੀ ਦੀ ਕੋਈ ਹੱਦ ਨਹੀਂ ਸੀ। ਸੱਤੀ ਤੇ ਅਮਨ ਨੇ ਘਰ ਦੇ ਸਾਰੇ ਮਾਹੌਲ ਨੂੰ ਕੈਮਰੇ ’ਚ ਕੈਦ ਕਰ ਲਿਆ ਸੀ। ਜਿਸ ਦਿਨ ਅਸੀਂ ਆਉਣਾ ਸੀ ਤਾਂ ਬਾਬਾ ਜੀ ਨੇ ਆਪਣੀ ਤਾਂਬੇ ਦੀ ਮੁੰਦਰੀ ਲਾਹ ਕੇ ਮੇਰੀ ਉਂਗਲੀ ਵਿੱਚ ਪਾ ਦਿੱਤੀ ਤੇ ਕਿਹਾ, ‘ਲੈ ਪੁੱਤਰ, ਆਪਣੇ ਕੋਲ ਰੱਖੀਂ। ਤੈਨੂੰ ਸਾਡੀ ਯਾਦ ਦਿਵਾਉਂਦੀ ਰਹੇਗੀ। ਕਦੇ ਫੇਰ ਵੀ ਗੇੜਾ ਮਾਰਦੀ ਰਹੀਂ।’
ਮੁੰਦਰੀ ਤੋਂ ਇਲਾਵਾ ਹੋਰ ਸਾਮਾਨ ਵੀ ਸਾਡੇ ਪੱਲੇ ਬੰਨ੍ਹ ਦਿੱਤਾ ਸੀ। ਮੈਂ ਆਪਣਾ ਸਾਰਾ ਪਤਾ ਦੇ ਦਿੱਤਾ ਤੇ ਉਨ੍ਹਾਂ ਦਾ ਪਤਾ ਲੈ ਆਈ ਸੀ। ਹੁਣ ਤੱਕ ਉਨ੍ਹਾਂ ਨਾਲ ਸਾਂਝ ਕਾਇਮ ਹੈ। ਇਹ ਸੀ ਮੇਰੀ ਮੁੰਦਰੀ ਦੀ ਕਹਾਣੀ।’’
ਸਾਰੀਆਂ ਕੁੜੀਆਂ ਭਾਵੁਕ ਹੋ ਗਈਆਂ ਤੇ ਹਰਪ੍ਰੀਤ ਤੇ ਹਰਜੀਤ ਨੇ ਸ਼ਰਮਿੰਦਿਆਂ ਹੋ ਮਿੰਦਰ ਤੋਂ ਮੁਆਫ਼ੀ ਮੰਗੀ।
‘‘ਇਹ ਹੈ ਮੇਰੀ ਮੁੰਦਰੀ ਦੀ ਅਸਲ ਕਹਾਣੀ,’’ ਮਿੰਦਰ ਨੇ ਉਨ੍ਹਾਂ ਦੋਵਾਂ ਨੂੰ ਗਲੇ ਲਗਾਉਂਦਿਆਂ ਕਿਹਾ।
– ਸਤਵੀਰ ਸਿੰਘ