ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੇ ਮਰਨ ਵਰਤ ਦਾ ਅੱਜ 54ਵਾਂ ਦਿਨ ਹੈ। ਬੀਤੀ ਦੇਰ ਰਾਤ ਫਿਰ ਤੋਂ ਡੱਲੇਵਾਲ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਲਈ ਪਾਣੀ ਪਚਾਉਣਾ ਵੀ ਮੁਸ਼ਕਲ ਹੋਇਆ ਪਿਆ ਹੈ।ਕੱਲ ਰਾਤ ਤੋਂ ਲੈ ਕੇ ਅੱਜ ਤੱਕ ਸਿਰਫ 150 ਮਿਲੀਮੀਟਰ ਪਾਣੀ ਚਮਚਿਆਂ ਦੇ ਰਾਹੀਂ ਦਿੱਤਾ ਗਿਆ। ਡੱਲੇਵਾਲ ਦੀ ਵਿਗੜਦੀ ਸਿਹਤ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।

ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਡੱਲੇਵਾਲ ਦੀ ਹਮਾਇਤ ਵਿਚ ਬੀਤੇ 2 ਦਿਨਾਂ ਤੋਂ 111 ਕਿਸਾਨਾਂ ਦਾ ਮਰਨ ਵਰਤ ਜਾਰੀ ਹੈ ਤੇ10 ਹੋਰ ਹਰਿਆਣਾ ਦੇ ਕਿਸਾਨ ਡੱਲੇਵਾਲ ਦੇ ਹੱਕ ’ਚ ਮਰਨ ਵਰਤ ’ਤੇ ਬੈਠ ਗਏ ਹਨ। ਅੱਜ ਖਨੌਰੀ ਬਾਰਡਰ ‘ਤੇ ਸ਼ੰਭੂ ਮੋਰਚੇ ਦੇ ਨੇਤਾਵਾਂ ਤੇ ਸੰਯੁਕਤ ਕਿਸਾਨ ਮੋਰਚਿਆਂ ਦੇ ਨੇਤਾਵਾਂ ਦੀ ਪਟਿਆਲਾ ਦੇ ਪਾਤੜਾਂ ਵਿਚ ਮੀਟਿੰਗ ਹੋਵੇਗੀ। ਮੀਟਿੰਗ ਵਿਚ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਰਣਨੀਤੀ ਬਣਾਈ ਜਾਵੇਗੀ। ਦੂਜੇ ਪਾਸੇ SKM ਨੇ ਪੀਐੱਮ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ ਹੈ ਜਿਸ ਵਿਚ ਉਨ੍ਹਾਂ ਨੇ ਕਿਸਾਨ ਨੇਤਾ ਡੱਲੇਵਾਲ ਦੀ ਸਿਹਤ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਦੀ ਅਪੀਲ ਕੀਤੀ ਹੈ।

ਡੱਲੇਵਾਲ ਦਾ ਭਾਰ 20 ਕਿਲੋ ਘੱਟ ਹੋ ਗਿਆ ਹੈ। ਜਦੋਂ ਉਹ ਮਰਨ ਵਰਤ ‘ਤੇ ਬੈਠੇ ਸਨ ਉਦੋਂ ਉਨ੍ਹਾਂ ਦਾ ਭਾਰ 86 ਕਿਲੋ 950 ਗ੍ਰਾਮ ਸੀ ਤੇ ਹੁਣ ਇਹ ਘੱਟ ਕੇ 66 ਕਿਲੋ 400 ਗ੍ਰਾਮ ਰਹਿ ਗਿਆ ਹੈ। ਕਿਸਾਨਾਂ ਨੇ 21 ਜਨਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਸੀ ਕਿ ਜਥੇ ਵਿਚ 101 ਕਿਸਾਨ ਸ਼ਾਮਲ ਹੋਣਗੇ। ਕੇਂਦਰ ਸਰਕਾਰ ਅਜੇ ਤੱਕ ਗੱਲਬਾਤ ਦਾ ਮਨ ਨਹੀਂ ਬਣਾ ਰਹੀ ਹੈ ਇਸ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇਸ਼ ਦੇ ਹਿੱਤ ਵਿਚ ਹਨ ਤੇ ਉਨ੍ਹਾਂ ਨੂੰ ਲਾਗੂ ਕਰਾਇਆ ਜਾਵੇਗਾ।