ਵਿਕਟੋਰੀਆ, 20 ਅਗਸਤ : ਲਿਬਰਲ ਆਗੂ ਜਸਟਿਨ ਟਰੂਡੋ ਨੇ ਇਹ ਤਹੱਈਆ ਪ੍ਰਗਟਾਇਆ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਹੱਥ ਮੁੜ ਸੱਤਾ ਲੱਗਦੀ ਹੈ ਤਾਂ ਉਹ ਐਲਜੀਬੀਟੀਕਿਊ2ਐਸ ਤੇ ਕਨਵਰਜ਼ਨ ਥੈਰੇਪੀ ਸਬੰਧੀ ਬਿੱਲ ਨੂੰ ਆਪਣੀ ਮੁੱਖ ਤਰਜੀਹ ਬਣਾਉਣਗੇ। ਪਰ ਉਹ ਇਹ ਨਹੀਂ ਦੱਸ ਪਾਏ ਕਿ ਨਵੀਂ ਪਾਰਲੀਆਮੈਂਟ ਵਿੱਚ ਕਿੰਨੀ ਜਲਦੀ ਲਿਬਰਲ ਸਰਕਾਰ ਇਸ ਬਿੱਲ ਨੂੰ ਪੇਸ਼ ਕਰ ਸਕੇਗੀ। ਚੁਣੇ ਜਾਣ ਦੀ ਸੂਰਤ ਵਿੱਚ ਕੰਜ਼ਰਵੇਟਿਵਾਂ ਤੇ ਐਨਡੀਪੀ ਨੇ ਵੀ ਇਸ ਪ੍ਰੈਕਟਿਸ ਉੱਤੇ ਪਾਬੰਦੀ ਲਾਉਣ ਦਾ ਵਾਅਦਾ ਕੀਤਾ ਹੈ।
ਵੀਰਵਾਰ ਨੂੰ ਵਿਕਟੋਰੀਆ, ਬੀਸੀ ਵਿੱਚ ਇਸ ਮੁੱਦੇ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟਣ ਤੋਂ ਬਾਅਦ ਟਰੂਡੋ ਨੇ ਆਖਿਆ ਕਿ ਉਹ ਚਾਹੁੰਦੇ ਸਨ ਕਿ ਇਸ ਮੁੱਦੇ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਂਦੀ। ਕਿਸੇ ਨੂੰ ਇਹ ਦੱਸਣਾ ਕਿ ਉਹ ਸਹੀ ਨਹੀਂ ਹੈ, ਜਾਂ ਉਹ ਪਰਫੈਕਟ ਨਹੀਂ ਹੈ ਜਾਂ ਉਨ੍ਹਾਂ ਨਾਲ ਕੁੱਝ ਗਲਤ ਹੈ, ਇਹ ਸੱਭ ਕਿੰਨਾ ਮਾੜਾ ਹੈ। ਪਰ ਕਨਵਰਜ਼ਨ ਥੈਰੇਪੀ ਵਿੱਚ ਇਹੋ ਸੁਨੇਹਾ ਦੇਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ ਜੋ ਕਿ ਬਹੁਤ ਨੁਕਸਾਨਦੇਹ ਹੈ।
ਐਨਡੀਪੀ ਵੱਲੋਂ ਵੀ ਆਪਣੇ ਪਲੇਟਫਾਰਮ ਵਿੱਚ ਇਹ ਲਿਖਿਆ ਗਿਆ ਹੈ ਕਿ ਜਦੋਂ ਜਿਨਸੀ ਰੁਝਾਨ ਤੇ ਲਿੰਗਕ ਪਛਾਣ ਦੀ ਗੱਲ ਆਉਂਦੀ ਹੈ ਤਾਂ ਕਨਵਰਜ਼ਨ ਥੈਰੇਪੀ ਵਰਗੀਆਂ ਤਥਾ ਕਥਿਤ ਪ੍ਰੈਕਟਿਸਿਜ਼ ਲਈ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਆਖਿਆ ਕਿ ਅਸੀਂ ਜੇ ਸੱਤਾ ਵਿੱਚ ਆਉਂਦੇ ਹਾਂ ਤਾਂ ਅਸੀਂ ਇਸ ਤਰ੍ਹਾਂ ਦੀ ਪ੍ਰੈਕਟਿਸ ਨੂੰ ਬੰਦ ਕਰਵਾਉਣ ਲਈ ਫਰੀ ਕਾਰਵਾਈ ਕਰਾਂਗੇ ਤੇ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨਾਲ ਰਲ ਕੇ ਇਸ ਰੁਝਾਨ ਨੂੰ ਦੇਸ਼ ਭਰ ਵਿੱਚੋਂ ਖ਼ਤਮ ਕਰਵਾਉਣ ਲਈ ਕੰਮ ਕਰਾਂਗੇ।ਓਟੂਲ ਵੱਲੋਂ ਵੀ ਆਪਣੇ ਪਲੇਟਫਾਰਮ ਵਿੱਚ ਇਸ ਪ੍ਰੈਕਟਿਸ ਉੱਤੇ ਪਾਬੰਦੀ ਲਾਉਣ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ।