ਮੁਹਾਲੀ, 11 ਮਈ

ਇਥੋਂ ਦੇ ਫੇਜ਼-9 ਸਥਿਤ ਹੋਟਲ ਵਿੱਚ ਪੰਜਾਬ ਪੁਲੀਸ ਦੇ ਏਐੱਸਆਈ ਅਸ਼ਵਨੀ ਕੁਮਾਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਥਾਣੇਦਾਰ ਨੇ ਕਥਿਤ ਤੌਰ ‘ਤੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਚਲਾ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਚੱਲਦੇ ਹੀ ਹੋਟਲ ਸਟਾਫ ਤੁਰੰਤ ਏਐੱਸਆਈ ਦੇ ਰੂਮ ਵਿੱਚ ਪਹੁੰਚ ਗਿਆ। ਹੋਟਲ ਸਟਾਫ ਨੇ ਥਾਣੇਦਾਰ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਦੇਖਿਆ। ਹੋਟਲ ਸਟਾਫ ਨੇ ਜ਼ਖ਼ਮੀ ਹਾਲਤ ਵਿੱਚ ਥਾਣੇਦਾਰ ਨੂੰ ਜੀਐੱਮਸੀਐੱਚ ਸੈਕਟਰ-32 ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ,ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨਿਆ। ਮ੍ਰਿਤਕ ਦੀ ਪਛਾਣ ਪੰਜਾਬ ਪੁਲੀਸ ਦੇ ਏਐੱਸਆਈ ਅਸ਼ਵਨੀ ਕੁਮਾਰ ਵਾਸੀ ਸੈਕਟਰ-26 ਪੁਲੀਸ ਲਾਈਨ ਚੰਡੀਗੜ੍ਹ ਵਜੋਂ ਹੋਈ ਹੈ। ਉਸ ਦੇ ਪਿਤਾ ਈਸ਼ਵਰ ਕੁਮਾਰ ਵੀ ਚੰਡੀਗੜ੍ਹ ਪੁਲੀਸ ਵਿੱਚ ਸਬ ਇੰਸਪੈਕਟਰ ਹਨ। ਸੂਤਰਾਂ ਮੁਤਾਬਕ ਏਐੱਸਆਈ ਅਸ਼ਵਨੀ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਕਿਸੇ ਨੂੰ ਫ਼ੋਨ ਕੀਤਾ ਸੀ। ਉਹ ਕਿਸੇ ਗੱਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਸੀ। ਸੂਤਰਾਂ ਮੁਤਾਬਕ ਉਸ ਨੇ ਦੇਰ ਰਾਤ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਹੋ ਸਕਦਾ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮੁਹਾਲੀ ਪੁਲੀਸ ਅਸ਼ਵਨੀ ਦੇ ਪਰਿਵਾਰ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਉਸ ਦੇ ਫੋਨ ਕਾਲ ਰਿਕਾਰਡ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।