ਦਿੱਲੀ ਦੇ ਮੁਸਤਫਾਬਾਦ ਇਲਾਕੇ ਵਿੱਚ ਸ਼ਨੀਵਾਰ ਤੜਕੇ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 14 ਨੂੰ ਬਚਾ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਅਜੇ ਵੀ ਕਰੀਬ 8 ਲੋਕਾਂ ਦੇ ਮਲਬੇ ‘ਚ ਫਸੇ ਹੋਣ ਦਾ ਖਦਸ਼ਾ ਹੈ। ਇਮਾਰਤ ਡਿੱਗਣ ਦੀ ਇਹ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਖੋਜ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।

ਸ਼ਨੀਵਾਰ ਤੜਕੇ ਮੁਸਤਫਾਬਾਦ ਵਿੱਚ ਇਮਾਰਤ ਡਿੱਗਣ ਦੀ ਘਟਨਾ ਦਾ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। 18 ਸਕਿੰਟਾਂ ਦੇ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੇਰ ਰਾਤ 2:39 ‘ਤੇ ਇਕ ਇਮਾਰਤ ਅਚਾਨਕ ਢਹਿ ਗਈ। ਇਸ ਤੋਂ ਬਾਅਦ ਪੂਰੀ ਗਲੀ ਵਿਚ ਧੂੜ ਦਾ ਗੁਬਾਰ ਛਾ ਗਿਆ। ਇੱਕ ਸਥਾਨਕ ਔਰਤ ਨੇ ਕਿਹਾ, “ਦੋ ਆਦਮੀ, ਦੋ ਨੂੰਹਾਂ, ਉਨ੍ਹਾਂ ਦੇ ਪਰਿਵਾਰ ਅਤੇ ਕਿਰਾਏਦਾਰ ਇੱਥੇ ਰਹਿੰਦੇ ਹਨ। ਵੱਡੀ ਨੂੰਹ ਦੇ ਤਿੰਨ ਬੱਚੇ ਹਨ, ਦੂਜੀ ਨੂੰਹ ਦੇ ਵੀ ਤਿੰਨ ਬੱਚੇ ਹਨ… ਸਾਨੂੰ ਫਿਲਹਾਲ ਕੁਝ ਨਹੀਂ ਪਤਾ। ਉਹ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ।”

ਇਕ ਮ੍ਰਿਤਕ ਦੇ ਰਿਸ਼ਤੇਦਾਰ ਸ਼ਹਿਜ਼ਾਦ ਅਹਿਮਦ ਨੇ ਦੱਸਿਆ ਕਿ ਇਮਾਰਤ ਕਰੀਬ 2.30-3 ਵਜੇ ਡਿੱਗ ਗਈ। ਇਹ ਚਾਰ ਮੰਜ਼ਿਲਾ ਇਮਾਰਤ ਸੀ। ਮੇਰੇ ਦੋ ਭਤੀਜੇ ਮਰ ਚੁੱਕੇ ਹਨ। ਮੇਰੀ ਭੈਣ, ਜੀਜਾ ਅਤੇ ਭਾਣਜੀ ਵੀ ਜ਼ਖਮੀ ਹੋਏ ਹਨ। ਇਹ ਸਾਰੇ ਜੀਟੀਬੀ ਹਸਪਤਾਲ ਵਿੱਚ ਦਾਖ਼ਲ ਹਨ।
ਵਧੀਕ ਡੀਸੀਪੀ (ਉੱਤਰ-ਪੂਰਬੀ ਜ਼ਿਲ੍ਹਾ) ਸੰਦੀਪ ਲਾਂਬਾ ਨੇ ਦੱਸਿਆ ਕਿ ਇਹ ਘਟਨਾ ਸਵੇਰੇ 3 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਕਿਹਾ, “14 ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ ਪਰ ਉਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ। ਇਹ ਚਾਰ ਮੰਜ਼ਿਲਾ ਇਮਾਰਤ ਸੀ। ਬਚਾਅ ਕਾਰਜ ਜਾਰੀ ਹਨ। 8-10 ਲੋਕਾਂ ਦੇ ਅਜੇ ਵੀ ਫਸੇ ਹੋਣ ਦਾ ਖ਼ਦਸ਼ਾ ਹੈ।”
ਅਧਿਕਾਰੀਆਂ ਮੁਤਾਬਕ NDRF, ਫਾਇਰ ਬ੍ਰਿਗੇਡ ਅਤੇ ਦਿੱਲੀ ਪੁਲਸ ਦੀਆਂ ਟੀਮਾਂ ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ‘ਚ ਲੱਗੀਆਂ ਹੋਈਆਂ ਹਨ। ਡਿਵੀਜ਼ਨਲ ਫਾਇਰ ਅਫ਼ਸਰ ਰਾਜਿੰਦਰ ਅਟਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 2:50 ਵਜੇ ਇੱਕ ਮਕਾਨ ਡਿੱਗਣ ਦੀ ਸੂਚਨਾ ਮਿਲੀ।

ਉਨ੍ਹਾਂ ਕਿਹਾ, “ਅਸੀਂ ਮੌਕੇ ‘ਤੇ ਪਹੁੰਚੇ ਅਤੇ ਦੇਖਿਆ ਕਿ ਪੂਰੀ ਇਮਾਰਤ ਢਹਿ ਗਈ ਸੀ ਅਤੇ ਲੋਕ ਮਲਬੇ ਹੇਠਾਂ ਫਸ ਗਏ ਸਨ। ਐਨਡੀਆਰਐਫ, ਦਿੱਲੀ ਫਾਇਰ ਸਰਵਿਸ ਲੋਕਾਂ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ।”