ਜਸਵੀਰ ਬਚਪਨ ਤੋਂ ਹੀ ਮੁਲਾਜ਼ਮ ਬਣਨਾ ਲੋਚਦੀ ਸੀ। ਜਦ ਵੀ ਘਰ ਵਿਚ ਦੂਜਿਆਂ ਨੂੰ ਦੇਖ ਕੇ ਕੋਈ ਬੇਲੋੜੇ ਖਰਚੇ ਦੀ ਗੱਲ ਕਰਦਾ ਤਾਂ ਉਹਦੀ ਮਾਂ ਝੱਟ ਆਖਦੀ, ‘‘ਨਹੀਂ ਭਾਈ, ਅਗਲੇ ਤਾਂ ਮੁਲਾਜ਼ਮ ਨੇ, ਆਪਾਂ ਨੀ ਉਨ੍ਹਾਂ ਦੀ ਰੀਸ ਕਰਨੀ।’’ ਜਸਵੀਰ ਨੂੰ ਲੱਗਦਾ ਕਿ ਕਿਵੇਂ ਨਾ ਕਿਵੇਂ ਮੁਲਾਜ਼ਮ ਬਣ ਜਾਵਾਂ, ਫਿਰ ਮੌਜਾਂ ਹੀ ਮੌਜਾਂ। ਉਸ ਨੇ ਸੁਣ ਰੱਖਿਆ ਸੀ ਕਿ ਮੁਲਾਜ਼ਮ ਬਣਨ ਲਈ ਪੜ੍ਹਨਾ ਪੈਂਦਾ ਹੈ ਤੇ ਉਹ ਵੀ ਬਹੁਤ ਜ਼ਿਆਦਾ। ਫਿਰ ਕੀ ਸੀ, ਪੜ੍ਹਾਈ ਦਾ ਜਨੂੰਨ ਚੜ੍ਹਾ ਲਿਆ। ਦਸਵੀਂ, ਬਾਰਵੀਂ, ਬੀ.ਏ., ਐੱਮ.ਏ. ਤੇ ਅੰਤ ਨੂੰ ਦਾਖ਼ਲਾ ਟੈਸਟ ਪਾਸ ਕਰਕੇ ਬੀ.ਐੱਡ. ਵੀ ਕਰ ਲਈ। ਘਰ ਦੀ ਆਰਥਿਕ ਹਾਲਤ ਬਹੁਤੀ ਵਧੀਆ ਨਾ ਹੋਣ ਕਾਰਨ ਉਸ ਨੇ ਖ਼ੁਦ ਪੜ੍ਹਨ ਦੇ ਨਾਲ-ਨਾਲ ਟਿਊਸ਼ਨਾਂ ਵੀ ਪੜ੍ਹਾਈਆਂ। ਪਤਲੀ ਆਰਥਿਕ ਹਾਲਤ ਕਾਰਨ ਉੱਚ ਵਿੱਦਿਆ ਲਈ ਯੂਨੀਵਰਸਿਟੀ ਨਾ ਜਾ ਸਕਣ ਕਰਕੇ ਪ੍ਰਾਈਵੇਟ ਤੌਰ ’ਤੇ ਹੀ ਪੜ੍ਹਾਈ ਕੀਤੀ। ਖ਼ੈਰ! ਭਲਾ ਹੋਵੇ ਉਸ ‘ਸਮੇਂ’ ਦਾ, ਜਿਸ ਸਮੇਂ ਉਹ ਸੰਘਰਸ਼ ਕਰ ਰਹੀ ਸੀ, ਉਦੋਂ ਸਰਕਾਰੀ ਸਕੂਲਾਂ-ਕਾਲਜਾਂ ਦੀ ਠਾਠ ਸੀ। ਫੀਸਾਂ ਘੱਟ ਸਨ ਤੇ ਪੜ੍ਹਾਈ ਦਾ ਮਿਆਰ ਵੀ ਉੱਚਾ ਸੀ। ਅੱਜਕੱਲ੍ਹ ਵਾਂਗ ਨਾ ਤਾਂ ਬਹੁਤਾ ਨਿੱਜੀਕਰਨ ਸੀ ਤੇ ਨਾ ਹੀ ਸਰਕਾਰਾਂ ਕਿਸੇ ਕਾਰਪੋਰੇਟ ਘਰਾਣੇ ਲਈ ਆਪਣੇ ਅਦਾਰੇ ਵੇਚਦੀਆਂ ਸਨ। ਮੈਂ ਹੋਰ ਪਾਸੇ ਹੋ ਤੁਰੀ, ਚਲੋ ਛੱਡੋ, ਜਸਵੀਰ ਦੀ ਗੱਲ ਕਰਦੀ ਸੀ, ਪੜ੍ਹਾਈ ਪੂਰੀ ਕਰਕੇ ਉਹ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਣ ਲੱਗੀ। ਚੰਗੇ ਭਾਗੀਂ ਉਹਦੀ ਕਾਬਲੀਅਤ ਨੂੰ ਦੇਖਦਿਆਂ ਇਕ ਚੰਗੇ ਪਰਿਵਾਰ ਵਿਚ ਉਹਦਾ ਰਿਸ਼ਤਾ ਹੋ ਗਿਆ। ਮੁੰਡਾ ਵੀ ਚੰਗਾ ਪੜ੍ਹਿਆ ਲਿਖਿਆ ਸੀ, ਨੌਕਰੀ ਭਾਵੇਂ ਪ੍ਰਾਈਵੇਟ ਹੀ ਕਰਦਾ ਸੀ, ਪਰ ਅਗਾਂਹਵਧੂ ਸੋਚ ਰੱਖਦਾ ਸੀ। ਇਸ ਲਈ ਵਿਆਹ ਵੀ ਬਿਨਾਂ ਕਿਸੇ ਦਾਜ-ਦਹੇਜ ਦੇ ਹੋਇਆ। ਇਸ ਤਰ੍ਹਾਂ ਇਕ ਸਾਧਾਰਨ ਪਰਿਵਾਰ ਦੀ ਕੁੜੀ ਬਿਨਾਂ ਆਪਣੇ ਪਰਿਵਾਰ ਦੇ ਸਿਰ ਕਰਜ਼ੇ ਦੀ ਪੰਡ ਚੜ੍ਹਾਏ ਬੂਹਿਓਂ ਉੱਠ ਗਈ। ਉਹਦੇ ਚੰਗੇ ਭਾਗਾਂ ਦੀਆਂ ਗੱਲਾਂ ਘਰ-ਘਰ ਹੋਣ ਲੱਗੀਆਂ। ਫਿਰ ਉਸ ਦਾ ਸੁਪਨਾ ਸੱਚ ਹੋਣ ਦਾ ਦਿਨ ਵੀ ਆ ਗਿਆ ਤੇ ਉਸ ਦੀ ਚੋਣ ਸਰਕਾਰੀ ਨੌਕਰੀ ਲਈ ਹੋ ਗਈ। ਪਰ ਤਿੰਨ ਸਾਲ ਲਈ ਠੇਕੇ ’ਤੇ ਨੌਕਰੀ, ਉੱਕੀ-ਪੁੱਕੀ 10 ਕੁ ਹਜ਼ਾਰ ਤਨਖਾਹ, ਉੱਤੋਂ ਸ਼ਟੇਸ਼ਨ ਮਿਲਿਆ ਰੱਬ ਦੀਆਂ ਜੜ੍ਹਾਂ ’ਚ। ਮਨ ਤਾਂ ਦੁਖੀ ਹੋਇਆ, ਪਰ ਹੋਰ ਚਾਰਾ ਵੀ ਕੋਈ ਨਹੀਂ ਸੀ, ਸਰਕਾਰੀ ਮੁਲਾਜ਼ਮ ਜੋ ਬਣਨਾ ਸੀ।
ਨੌਕਰੀ ਜੁਆਇਨ ਕਰ ਲਈ। ਸਾਰੀ ਤਨਖ਼ਾਹ ਆਉਣ-ਜਾਣ ਦੇ ਖਰਚਿਆਂ ’ਚ ਹੀ ਉੱਡ ਜਾਣੀ। ਘਰ-ਪਰਿਵਾਰ ਦਾ ਵੀ ਚੰਗੀ ਤਰ੍ਹਾਂ ਖਿਆਲ ਨਾ ਰੱਖ ਹੋਣਾ। ਸਫ਼ਰ ਦੀ ਥਕਾਵਟ ਤੇ ਕੰਮਾਂ ਦੀ ਬਹੁਲਤਾ ਨੇ ਛੁੱਟੀ ਵਾਲੇ ਦਿਨ ਵੀ ਫਾਡੀ ਬਣਾ ਛੱਡਣਾ। ਘਰ ਵਿਚ ਗੱਲ-ਗੱਲ ’ਤੇ ਉਸ ਨੂੰ ਮਿਹਣੇ ਸੁਣਨ ਨੂੰ ਮਿਲਣੇ, ‘‘ਮੁਲਾਜ਼ਮ ਹੋਊ, ਅਗਲੀ ਆਪਣੇ ਲਈ ਹੋਊ, ਸਾਨੂੰ ਕੀ ਮਿਲੂ? ਜਾਂ ਤਾਂ ਇਨ੍ਹਾਂ ਨੂੰ ਅੱਡ ਕਰੋ, ਖਰਚ ਘਟੇ, ਨਹੀਂ ਸਾਡੇ ਬਰਾਬਰ ਕੰਮ ਕਰਨ।’’ ਉਹ ਮਨ ਹੀ ਮਨ ਤੜਫਦੀ ਤੇ ਸੋਚਦੀ ਕਿ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸਿਰਫ਼ ਮੁਲਾਜ਼ਮ ਹੀ ਸਮਝ ਸਕਦੇ ਨੇ, ਸਹੀ ਸਮੇਂ ਤੋਂ ਵੀ ਦਸ ਮਿੰਟ ਪਹਿਲਾਂ ਹਾਜ਼ਰ ਚਾਹੀਦੇ ਹਾਂ। ਉਹ ਕੀ ਜਾਣੇ ਸਮੇਂ ਦੀ ਪਾਬੰਦੀ ਜਿਹਨੇ ਆਪਣੀ ਮਰਜ਼ੀ ਨਾਲ ਘਰ ਦੇ ਕੰਮ ਕਰਨੇ ਨੇ। ਸਮੇਂ ’ਤੇ ਪਹੁੰਚਣ ਲਈ ਮੁਲਾਜ਼ਮ ਕਈ ਵਾਰ ਭੁੱਖੇ ਪੇਟ ਹੀ ਮੰਜ਼ਿਲ ਨੂੰ ਤੁਰ ਪੈਂਦੇ ਨੇ ਤੇ ਬਾਰਾਂ ਵਜੇ ਤੱਕ ਰੋਟੀ ਬਾਰੇ ਸੋਚਣ ਦੀ ਵੀ ਵਿਹਲ ਨਹੀਂ ਹੁੰਦੀ…।
ਉਹ ਇਹ ਸਭ ਸੋਚ ਤਾਂ ਲੈਂਦੀ, ਪਰ ਕਹਿ ਨਾ ਸਕਦੀ। ਡਰਦੀ ਜੋ ਸੀ ਕਿ ਜੇ ਬੋਲੀ ਤਾਂ ਸਵਾ ਕੁ ਸਾਲ ਦਾ ਬਾਲ ਜੋ ਘਰ ਰਹਿੰਦਾ ਸੀ, ਉਹ ਵੀ ਇਨ੍ਹਾਂ ਨੇ ਨਹੀਂ ਰੱਖਣਾ। ਆਪਣੇ ਬੱਚੇ ਲਈ ਵਿਤੋਂ ਵੱਧ ਕੰਮ ਕਰਦੀ, ਸੁਵਖਤੇ ਉੱਠਦੀ ਤੇ ਅਲਸਾਈਆਂ ਅੱਖਾਂ ਨਾਲ ਆਪਣੇ ਕੰਮ ਮੁਕਾ ਬੱਸ ਜਾ ਚੜ੍ਹਦੀ ਤੇ ਸ਼ਾਮ ਢਲੀ ਤੋਂ ਥੱਕੀ-ਟੁੱਟੀ ਰੂਹ ਸਣੇ ਘਰ ਪਹੁੰਚਦੀ ਤੇ ਆਪਣੇ ਹਿੱਸੇ ਦੇ ਕੰਮਾਂ ਨੂੰ ਮੂੰਹ ਅੱਡੀ ਖੜ੍ਹੇ ਵੇਖਦੀ। ਨਾ ਕੰਮ ਪੂਰੇ ਹੁੰਦੇ, ਨਾ ਨੀਂਦ, ਨਾ ਪੁੱਤ ਦੇ ਚਾਅ…।
ਫਿਰ ਵੀ ਜੁਟੀ ਹੋਈ ਸੀ, ਪਰ ਬੱਕਰੇ ਦੀ ਮਾਂ ਕਦ ਤੱਕ ਖ਼ੈਰ ਮਨਾਉਂਦੀ। ਆਨੇ-ਬਹਾਨੇ ਕਰਦਿਆਂ ਘਰਦਿਆਂ ਨੇ ਉਸ ਨੂੰ ਆਪਣਾ ਬੱਚਾ ਨਾਲ ਲੈ ਕੇ ਜਾਣ ਦਾ ਫੁਰਮਾਨ ਜਾਰੀ ਕਰ ਦਿੱਤਾ। ਕਸੂਤੇ ਫਸੇ, ਹੁਣ ਕੀ ਹੋਵੇ? ਐਨੀ ਦੂਰ ਤਿੰਨ ਬੱਸਾਂ ਬਦਲਣੀਆਂ ਪੈਂਦੀਆਂ ਸਨ। ਬੱਚਾ ਨਾਲ ਲਿਜਾਣਾ ਬੜਾ ਮੁਸ਼ਕਿਲ ਸੀ, ਗਰਮੀ ਨਹੀਂ ਸੀ ਸਹਾਰ ਸਕਣਾ। ਆਖ਼ਰ ਉਹੀ ਅਗਾਂਹਵਧੂ ਸੋਚ ਕੰਮ ਆਈ, ਉਸ ਦੇ ਪਤੀ ਨੇ ਪ੍ਰਾਈਵੇਟ ਨੌਕਰੀ ਛੱਡ ਕੇ ਘਰ ਰਹਿ ਕੇ ਆਪਣਾ ਬੱਚਾ ਪਾਲਣ ਦਾ ਫ਼ੈਸਲਾ ਕਰ ਲਿਆ ਕਿਉਂਕਿ ਜਸਵੀਰ ਦੀ ਨੌਕਰੀ ਸਰਕਾਰੀ ਸੀ ਤੇ ਸਰਕਾਰੀ ਨੌਕਰੀ ਮਿਲਣਾ ਹੁਣ ਖਾਲਾ ਜੀ ਦਾ ਵਾੜਾ ਨਹੀਂ ਸੀ। ਨੌਕਰੀ ਲਈ ਪਹਿਲਾਂ ਉਸ ਨੂੰ ਟੈਟ ਪਾਸ ਕਰਨਾ ਪਿਆ ਸੀ, ਫਿਰ ਸਬਜੈਕਟ ਟੈਸਟ, ਗੋਡਣੀ ਲੱਗ ਗਈ ਸੀ ਅਗਲੀ ਦੀ। ਪ੍ਰਾਈਵੇਟ ਨੌਕਰੀ, ਘਰ ਦੀਆਂ ਜ਼ਿੰਮੇਵਾਰੀਆਂ ਤੇ ਰਾਤ ਨੂੰ ਟੈਸਟਾਂ ਦੀ ਤਿਆਰੀ, ਸੁੱਕ ਕੇ ਤੀਲ੍ਹਾ ਹੋ ਗਈ ਸੀ ਉਹ। ਮਸਾਂ ਤਾਂ ਮਾਲਕ ਨੇ ਸੁਣੀ ਸੀ।
ਪਤੀ ਦੇ ਫ਼ੈਸਲੇ ਨੇ ਜਸਬੀਰ ਨੂੰ ਅਥਾਹ ਤਾਕਤ ਬਖ਼ਸ਼ੀ। ਉਸ ਨੇ ਸੋਚਿਆ ਦੋ ਸਾਲ ਨਿਕਲ ਗਏ, ਇਕ ਸਾਲ ਹੋਰ ਨਿਕਲ ਜਾਵੇ ਫਿਰ ਪੂਰੀ ਤਨਖ਼ਾਹ ਮਿਲਣ ਲੱਗ ਜਾਊ। ਜਦੋਂ ਖਰਚੇ ਕੱਟ ਕੇ ਟੱਬਰ ਦੇ ਹੱਥ ’ਤੇ ਤੀਹ ਹਜ਼ਾਰ ਟਿਕਿਆ ਤਾਂ ਇਨ੍ਹਾਂ ਨੂੰ ਪਤਾ ਲੱਗੂ ਮੁਲਾਜ਼ਮ ਦਾ ਮੁੱਲ। ਪਰ ਇਹ ਕੀ, ਨਤੀਜਾ ਤਾਂ ਸੋਚ ਤੋਂ ਉਲਟ ਨਿਕਲਿਆ, ਉਸ ਦੇ ਪਤੀ ਦੇ ਇਸ ਫ਼ੈਸਲੇ ਨਾਲ ਬਾਕੀ ਟੱਬਰ ਨੂੰ ਪੰਜ ਭੱਠ ਬੁਖਾਰ ਚੜ੍ਹ ਗਿਆ। ਪਰਿਵਾਰਕ ਕਲੇਸ਼ ਦਾ ਬਹਾਨਾ ਬਣਾ ਕੇ ਮੁਲਾਜ਼ਮਾਂ ਨੂੰ ਅੱਡ ਕਰਨ ਦਾ ਫ਼ੈਸਲਾ ਹੋ ਗਿਆ। ਬਾਪੂ ਆਖਣ ਲੱਗਾ, ‘‘ਲਓ ਬਈ ਘਰ ਤੁਹਾਨੂੰ ਬਣਾ ਕੇ ਦੇ ਦਿੱਤਾ, ਰਸੋ-ਵਸੋ, ਪਰ ਹੁਣ ਦੋ ਸਾਲ ਜ਼ਮੀਨ ’ਚੋਂ ਕਿਸੇ ਹਿੱਸੇ-ਠੇਕੇ ਦੀ ਝਾਕ ਨਾ ਰੱਖਿਓ, ਘਰ ਪਾਉਣ ਕਾਰਨ ਮੈਂ ਵੀ ਦੇਣ-ਲੈਣ ਤਾਰਨੈ।’’ ਤੇ ਉਹ ਦੋਵੇਂ ਜੀਅ ਚੁੱਪਚਾਪ ਖਾਲੀ ਹੱਥ ਖਾਲੀ ਘਰ ਵਿਚ ਆ ਬੈਠੇ ਤੇ ਆਪਣੇ ਆਪ ਨੂੰ ਇਹ ਕਹਿ ਕੇ ਧਰਵਾਸ ਦੇ ਲਿਆ ਕਿ ਲਾਇਕ ਪੁੱਤ ਤਾਂ ਕੱਲਰਾਂ ’ਚ ਵੀ ਘਰ ਬੰਨ੍ਹ ਲੈਂਦੇ ਨੇ, ਸਾਡੇੇ ਸਿਰ ’ਤੇ ਤਾਂ ਫਿਰ ਵੀ ਛੱਤ ਹੈ।
ਦਿਨ ਬੀਤਦੇ ਗਏ, ਪੁੱਤਰ ਤਿੰਨ ਸਾਲ ਤੋਂ ਉਪਰ ਹੋ ਚੁੱਕਿਆ ਸੀ, ਉਸ ਨੂੰ ਵੀ ਸਕੂਲ ਪੜ੍ਹਨੇ ਪਾ ਦਿੱਤਾ। ਉਸ ਦੇ ਪਤੀ ਨੂੰ ਵੀ ਇਕ ਪ੍ਰਾਈਵੇਟ ਕਾਲਜ ਵਿਚ ਨੌਕਰੀ ਮਿਲ ਗਈ। ਸਭ ਤੋਂ ਵੱਡੀ ਸਕੂਨ ਦੀ ਗੱਲ ਇਹ ਸੀ ਕਿ ਚੋਣਾਂ ਨੇੜੇ ਹੋਣ ਕਾਰਨ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਅਤੇ ਜਸਵੀਰ ਦੀ ਬਦਲੀ ਵੀ ਨੇੜੇ ਹੀ ਹੋ ਗਈ। ਘਰ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਆ ਗਈਆਂ ਤੇ ਹੁਣ ਜਸਵੀਰ ਸਹੀ ਅਰਥਾਂ ਵਿਚ ਉਹ ਮੁਲਾਜ਼ਮ ਬਣ ਗਈ ਸੀ ਜਿਸ ਲਈ ਉਸ ਨੇ ਅਸੀਮ ਤਪੱਸਿਆ ਕੀਤੀ ਸੀ। ਅਜੇ ਦੋ ਕੁ ਮਹੀਨੇ ਹੀ ਖ਼ੁਸ਼ੀ-ਖ਼ੁਸ਼ੀ ਗੁਜ਼ਰੇ ਸਨ ਕਿ ਕਰੋਨਾ ਦਾ ਕਹਿਰ ਅਣਕਿਆਸੇ ਬੱਦਲ ਵਾਂਗ ਵਰ੍ਹ ਪਿਆ, ਸਭ ਕੁਝ ਅਹਿਲ ਹੋ ਗਿਆ, ਦੁਨੀਆ ਠਠੰਬਰ ਗਈ, ਸਭ ਘਰਾਂ ਅੰਦਰ ਡੱਕੇ ਗਏ, ਨਾਢੂ ਖਾਂ ਕਹਾਉਣ ਵਾਲੇ ਵੱਡੇ-ਵੱਡੇ ਦੇਸ਼ਾਂ ਦੀਆਂ ਅਰਥ ਵਿਵਸਥਾਵਾਂ ਗੜਬੜਾ ਗਈਆਂ। ਰੋਜ਼ ਸਰਕਾਰਾਂ ਦੇ ਨਵੇਂ-ਨਵੇਂ ਫ਼ੈਸਲੇ ਸੁਣਨ ਨੂੰ ਮਿਲਣ ਲੱਗੇ ਤੇ ਅਜਿਹਾ ਹੀ ਇਕ ਫ਼ੈਸਲਾ ਮੁਲਾਜ਼ਮਾਂ ਦੀ ਤਨਖ਼ਾਹ ਉਪਰ ਵੱਡਾ ਕੱਟ ਲਗਾਉਣ ਦਾ ਸੀ ਜੋ ਜਸਵੀਰ ’ਤੇ ਅਸਮਾਨੀ ਬਿਜਲੀ ਵਾਂਗ ਡਿੱਗਿਆ ਤੇ ਉਹ ਤੜਫ ਉੱਠੀ, ‘‘ਮਸਾਂ ਤਾਂ ਉਮਰ ਦੇ 40 ਵਰ੍ਹੇ ਖਪਾ ਕੇ ਆਪਣੀਆਂ ਲੋੜਾਂ ਦੇ ਖੰਭ ਪਸਾਰਨ ਦੀ ਤਿਆਰੀ ਕੀਤੀ ਸੀ। ਤੀਹ ਸਾਲ ਮੁਲਾਜ਼ਮ ਬਣਨ ਖਾਤਰ ਜਫ਼ਰ ਜਾਲੇ ਤੇ ਦਸ ਸਾਲ ਕੱਚਾ ਮੁਲਾਜ਼ਮ ਹੋਣ ਕਾਰਨ। ਤੇ ਕੀ ਹੁਣ ਸਰਕਾਰ ਨੂੰ ਵੀ ਮੁਲਾਜ਼ਮ ਹੀ ਰੋੜਾਂ ਵਾਂਗ ਰੜਕਣੇ ਸਨ? ਅਜੇ ਕੱਲ੍ਹ ਤਾਂ ਮੈਂ ਪੱਕੀ ਮੁਲਾਜ਼ਮ ਬਣੀ ਹਾਂ ਤੇ ਅੱਜ ਪੱਕੇ ਮੁਲਾਜ਼ਮਾਂ ਦੀ ਤਨਖ਼ਾਹ ਕੱਟ ਲਓ, ਆਖ਼ਰ ਮੇਰਾ ਕਸੂਰ ਕੀ ਹੈ? ਇਹੋ ਕਿ ਮੈਂ ਮੁਲਾਜ਼ਮ ਬਣਨ ਦਾ ਸੁਪਨਾ ਲਿਆ। ਕਾਸ਼! ਮੈਂ ਮੁਲਾਜ਼ਮ ਬਣਨ ਦਾ ਸੁਪਨਾ ਨਾ ਲੈ ਕੇ ਕੋਈ ਵੱਡਾ ਨੇਤਾ ਬਣਨ ਦਾ ਸੁਪਨਾ ਲੈਂਦੀ ਤਾਂ ਅੱਜ ਚਾਲੀ ਵਰ੍ਹਿਆਂ ਬਾਅਦ ਆਪਣੀ ਹੋਣੀ ’ਤੇ ਹੰਝੂ ਕੇਰਨ ਦੀ ਥਾਂ ਕਿਸੇ ਟੀਵੀ ਚੈਨਲ ’ਤੇ ਅਜਿਹਾ ਬੇਕਿਰਕ ਫ਼ੈਸਲਾ ਸੁਣਾ ਕੇ ਵਾਹ-ਵਾਹ ਖੱਟ ਰਹੀ ਹੁੰਦੀ…।’’
– ਸ਼ਰਨਜੀਤ ਕੌਰ