ਨਵੀਂ ਦਿੱਲੀ, 21 ਜੁਲਾਈ

ਅਦਾਕਾਰਾ ਟਿਸਕਾ ਚੋਪੜਾ ਨੌਜਵਾਨ ਕੁੜੀਆਂ ਨੂੰ ‘ਮਾਹਵਾਰੀ ਦੌਰਾਨ ਸਿਹਤ ਦਾ ਖ਼ਿਆਲ ਰੱਖਣ’ ਅਤੇ ਇਸ ਉਮਰ ਦੌਰਾਨ ਸਿਹਤ ਨਾਲ ਜੁੜੀਆਂ ਹੋਰ ਮੁਸ਼ਕਲਾਂ ਬਾਰੇ ਸਿੱਖਿਅਤ ਕਰਨ ਲਈ ਕਿਤਾਬ ਲਿਖੇਗੀ। ਵੈਸਟਲੈਂਡ ਵੱਲੋਂ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਕਿਤਾਬ ਦਾ ਨਾਂ ‘ਯੂਅਰ ਬੁੱਕ ਆਫ਼ ਪੀਰੀਅਡ’ ਹੋਵੇਗਾ। ਕਿਤਾਬ ਦਸੰਬਰ ਵਿਚ ਆਵੇਗੀ। ਇਹ ਲੜਕੀਆਂ ਨੂੰ ਇਨ੍ਹਾਂ ਅਹਿਮ ਵਿਸ਼ਿਆਂ ’ਤੇ ਗੱਲਬਾਤ ਕਰਨ ਲਈ ਉਤਸ਼ਾਹਿਤ ਕਰੇਗੀ ਤੇ ਇਮਾਨਦਾਰੀ ਨਾਲ ਜਵਾਬ ਦੇਣ ਦੀ ਕੋਸ਼ਿਸ਼ ਵੀ ਕਰੇਗੀ। ਕਿਤਾਬ ਨੂੰ 9-13 ਸਾਲ ਤੱਕ ਦੀਆਂ ਕੁੜੀਆਂ ਉਤੇ ਕੇਂਦਰਿਤ ਕੀਤਾ ਗਿਆ ਹੈ। ਵੈਸਟਲੈਂਡ ਦੀ ਬੱਚਿਆਂ ਲਈ ਵੱਖ ਤੋਂ ਕਿਤਾਬਾਂ ਪ੍ਰਕਾਸ਼ਿਤ ਕਰਨ ਵਾਲੀ ਇਕਾਈ ‘ਰੈੱਡ ਪਾਂਡਾ’ ਇਸ ਨੂੰ ਪ੍ਰਕਾਸ਼ਿਤ ਕਰੇਗੀ। ਟਿਸਕਾ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਇਸ ਰਾਹੀਂ ਜਾਣਕਾਰੀ ਇਕ ਖ਼ਾਸ ਢੰਗ-ਤਰੀਕੇ ਨਾਲ ਲੜਕੀਆਂ ਤੱਕ ਪਹੁੰਚੇਗੀ ਅਤੇ ਉਹ ਅਜਿਹਾ ਮਹਿਸੂਸ ਨਹੀਂ ਕਰਨਗੀਆਂ ਜਿਵੇਂ ਮਾਪੇ ‘ਭਾਸ਼ਣ’ ਦੇ ਰਹੇ ਹੋਣ।