ਓਟਵਾ, 15 ਸਤੰਬਰ : ਲਿਬਰਲ ਆਗੂ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮੁਜ਼ਾਹਰਾਕਾਰੀਆਂ ਵਿੱਚੋਂ ਕਿਸੇ ਇੱਕ ਵੱਲੋਂ ਉਨ੍ਹਾਂ ਦੀ ਪਤਨੀ ਉੱਤੇ ਕੀਤੀ ਗਈ ਗਲਤ ਟਿੱਪਣੀ ਕਾਰਨ ਹੀ ਉਨ੍ਹਾਂ ਨੂੰ ਉਸ ਗੱਲ ਦਾ ਜਵਾਬ ਦੇਣਾ ਪਿਆ ਕਿਉਂਕਿ ਉਸ ਵਿਅਕਤੀ ਨੇ ਆਪਣੀ ਹੱਦ ਪਾਰ ਕਰ ਲਈ ਸੀ।
ਮੰਗਲਵਾਰ ਨੂੰ ਰਿਚਮੰਡ, ਬੀਸੀ ਵਿੱਚ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਕੈਨੇਡੀਅਨਜ਼ ਨੂੰ ਲੱਗਦਾ ਹੈ ਕਿ ਸ਼ਾਇਦ ਉਨ੍ਹਾਂ ਦੀ ਮੋਟੀ ਚਮੜੀ ਹੈ ਤੇ ਕਿਸੇ ਚੀਜ਼ ਦਾ ਉਨ੍ਹਾਂ ਉੱਤੇ ਕੋਈ ਅਸਰ ਹੀ ਨਹੀਂ ਹੁੰਦਾ। ਪਰ ਟਰੂਡੋ ਨੇ ਆਖਿਆ “ ਉਸ ਵਿਅਕਤੀ ਨੇ ਆਪਣੀ ਹੱਦ ਪਾਰ ਕਰਦਿਆਂ ਹੋਇਆਂ ਮੇਰੇ ਪਰਿਵਾਰ ਨੂੰ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਮੇਰੀ ਪਤਨੀ ਬਾਰੇ ਨਫਰਤ ਭਰੀਆਂ ਤੇ ਭੱਦੀਆਂ ਟਿੱਪਣੀਆਂ ਕੀਤੀਆਂ ਜੋ ਮੇਰੀ ਬਰਦਾਸ਼ਤ ਤੋਂ ਬਾਹਰ ਸਨ।”
ਉਸ ਮੁਜ਼ਾਹਰਾਕਾਰੀ ਦੀਆਂ ਟਿੱਪਣੀਆਂ ਤੋਂ ਔਖੇ ਹੋ ਕੇ ਟਰੂਡੋ ਨੇ ਆਪਣਾ ਮਾਸਕ ਹੇਠਾਂ ਲਾਹ ਕੇ ਆਖਿਆ ਸੀ ਕਿ ਕੋਈ ਅਜਿਹਾ ਹਸਪਤਾਲ ਹੈ ਜਿੱਥੇ ਉਹ ਇਸ ਵਕਤ ਜਾਣਾ ਚਾਹੁੰਦਾ ਹੈ? ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਟਰੂਡੋ ਦੀ ਪਤਨੀ ਸੋਫੀ ਗ੍ਰੈਗੌਇਰ ਟਰੂਡੋ ਮੌਕੇ ਉੱਤੇ ਮੌਜੂਦ ਨਹੀਂ ਸੀ।