ਮਲੋਟ: ਮੁਕਤਸਰ ਜ਼ਿਲ੍ਹੇ ਦੇ ਮਲੋਟ ਇਲਾਕੇ ਦੇ ਪਿੰਡ ਅਬੁਲ ਖੁਰਾਣਾ ਵਿੱਚ ਸ਼ਨੀਵਾਰ ਦੀ ਸ਼ਾਮ ਹੋਏ ਦੋਹਰੇ ਕਤਲ ਮਾਮਲੇ ਵਿੱਚ ਪੁਲਿਸ ਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੇ ਸਹੁਰੇ ਨਛੱਤਰ ਸਿੰਘ ਅਤੇ ਸਾਲੇ ਰਵਿੰਦਰ ਸਿੰਘ ਬੱਬੀ ਸਮੇਤ ਦਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਮ੍ਰਿਤਕ ਵਿਨੈ ਪ੍ਰਤਾਪ ਸਿੰਘ ਬਰਾੜ ਦੀ ਧੀ ਸਾਜ਼ੀਆ ਬਰਾੜ ਦੀ ਸ਼ਿਕਾਇਤ ‘ਤੇ ਦਰਜ ਹੋਇਆ, ਜਿਸ ਵਿੱਚ ਦੱਸਿਆ ਗਿਆ ਕਿ ਇਹ ਸਾਰੀ ਘਟਨਾ ਦਰਸ਼ਨ ਸਿੰਘ ਨੇ ਅੱਖੀਂ ਦੇਖੀ।

ਮ੍ਰਿਤਕ ਵਿਨੈ ਪ੍ਰਤਾਪ ਸਿੰਘ ਅਤੇ ਉਸ ਦਾ 25 ਸਾਲਾ ਪੁੱਤਰ ਸੂਰਜ ਪ੍ਰਤਾਪ ਸਿੰਘ ਆਪਣੇ ਖੇਤਾਂ ਦੇ ਦੌਰੇ ਤੇ ਸਨ, ਜਦ ਦਵਿੰਦਰ ਸਿੰਘ ਨੇ ਉਨ੍ਹਾਂ ਦੀ ਕਾਰ ਅੱਗੇ ਟਰੈਕਟਰ ਲਾ ਕੇ ਰੋਕ ਲਿਆ। ਟਰੈਕਟਰ ‘ਤੇ ਬੈਠੇ ਇਕ ਅਣਜਾਣ ਵਿਅਕਤੀ ਨੇ ਵਿਨੈ ਪ੍ਰਤਾਪ ‘ਤੇ ਬੇਸਬਾਲ ਬੈਟ ਨਾਲ ਹਮਲਾ ਕਰ ਦਿੱਤਾ। ਸੂਰਜ ਨੇ ਵੀ ਆਪਣੀ ਕਾਰ ਤੋਂ ਬੇਸਬਾਲ ਬੈਟ ਕੱਢੀ, ਪਰ ਦਵਿੰਦਰ ਸਿੰਘ ਨੇ ਦੋਹਾਂ ਪਿਓ-ਪੁੱਤ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦੋਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸਾਜ਼ੀਆ ਨੇ ਇਲਜ਼ਾਮ ਲਾਇਆ ਕਿ ਇਹ ਹਮਲਾ ਜ਼ਮੀਨੀ ਵਿਵਾਦ ਦੇ ਚਲਦਿਆਂ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਸੀ। ਦਵਿੰਦਰ ਸਿੰਘ, ਨਛੱਤਰ ਸਿੰਘ ਅਤੇ ਰਵਿੰਦਰ ਸਿੰਘ ਬੱਬੀ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਪੁਲਿਸ ਨੇ ਤਿੰਨਾਂ ਦੇ ਖ਼ਿਲਾਫ਼ ਕਤਲ, ਸਾਜ਼ਿਸ਼ ਅਤੇ ਗੈਰਕਾਨੂੰਨੀ ਹਥਿਆਰਾਂ ਦੀ ਵਰਤੋਂ ਵਰਗੀਆਂ ਗੰਭੀਰ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਤਿੰਨੋਂ ਮੁਲਜ਼ਮ ਫਰਾਰ ਹਨ।