ਚੰਡੀਗਡ਼੍ਹ, 30 ਜੂਨ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕ੍ਰਿਕਟ ਵਿਸ਼ਵ ਕੱਪ-2023 ਲਈ ਪੀਸੀਏ ਸਟੇਡੀਅਮ ਮੁਹਾਲੀ ਨੂੰ ਮੇਜ਼ਬਾਨ ਸੂਚੀ ਵਿੱਚ ਨਾ ਸ਼ਾਮਲ ਕਰਨ ਉੱਤੇ ਨਾਰਾਜ਼ਗੀ ਅਤੇ ਇਤਰਾਜ਼ ਜ਼ਾਹਿਰ ਕਰਦਿਆਂ ਬੀਸੀਸੀਆਈ ਨੂੰ ਇਸ ਫੈਸਲੇ ਉਤੇ ਮੁਡ਼ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਮੀਤ ਹੇਅਰ ਨੇ ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ ਤੇ ਸਕੱਤਰ ਜੈ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਦੇ ਅਮੀਰ ਵਿਰਸੇ, ਖੇਡਾਂ ਵਿੱਚ ਯੋਗਦਾਨ ਅਤੇ ਪੰਜਾਬ ਵੱਲੋਂ ਦੇਸ਼ ਨੂੰ ਦਿੱਤੇ ਮਹਾਨ ਕ੍ਰਿਕਟਰਾਂ ਦਾ ਦਿੱਤਾ ਹਵਾਲਾ ਦਿੰਦਿਆਂ ਮੁਹਾਲੀ ’ਚ ਮੈਚ ਕਰਵਾਉਣ ਦੀ ਮੰਗ ਕੀਤੀ ਹੈ। ਖੇਡ ਮੰਤਰੀ ਨੇ ਪੱਤਰ ਵਿੱਚ ਆਖਿਆ ਕਿ ਪੰਜਾਬ ਆਪਣੀ ਬਹਾਦਰੀ, ਪ੍ਰਹੁਣਚਾਰੀ ਅਤੇ ਧਰਮ ਨਿਰਪੱਖ ਆਦਰਸ਼ਾਂ ਵਿੱਚ ਅਟੁੱਟ ਵਿਸ਼ਵਾਸ ਦੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ।” ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਨੂੰ ਦੇਸ਼ ਦਾ ਮੋਹਰੀ ਅਤੇ ਝੰਡਾਬਰਦਾਰ ਹੋਣ ਦਾ ਮਾਣ ਹਾਸਲ ਹੈ। ਜਦੋਂ ਕੌਮੀ ਪੱਧਰ ’ਤੇ ਸਭ ਤੋਂ ਪਸੰਦੀਦਾ ਖੇਡ ਭਾਵ ਕ੍ਰਿਕਟ ਦੀ ਗੱਲ ਆਉਂਦੀ ਹੈ, ਤਾਂ ਪੰਜਾਬ ਨੇ ਕ੍ਰਿਕਟ ਜਗਤ ਨੂੰ ਲਾਲਾ ਅਮਰਨਾਥ, ਬਿਸ਼ਨ ਸਿੰਘ ਬੇਦੀ, ਮਹਿੰਦਰ ਅਮਰਨਾਥ, ਯਸ਼ਪਾਲ ਸ਼ਰਮਾ, ਮਦਨ ਲਾਲ, ਨਵਜੋਤ ਸਿੰਘ ਸਿੱਧੂ, ਹਰਭਜਨ ਸਿੰਘ, ਯੁਵਰਾਜ ਸਿੰਘ, ਰੀਤਇੰਦਰ ਸੋਢੀ, ਦਿਨੇਸ਼ ਮੋਂਗੀਆ, ਹਰਵਿੰਦਰ ਸਿੰਘ, ਵਿਕਰਮ ਰਾਠੌਰ, ਸ਼ਰਨਦੀਪ ਸਿੰਘ ਵਰਗੇ ਸ਼ਾਨਦਾਰ ਅਤੇ ਹਾਲ ਹੀ ਵਿੱਚ ਧੁੰਮਾਂ ਪਾਉਣ ਵਾਲੇ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਵਰਗੇ ਕ੍ਰਿਕਟਰ ਦਿੱਤੇ ਹਨ। ਸਟੇਡੀਅਮ ਦੇ ਮਾਪਦੰਡਾਂ ’ਤੇ ਖਰਾ ੳੁਤਰਨ ਸਬੰਧੀ ਖੇਡ ਮੰਤਰੀ ਨੇ ਕਿਹਾ ਕਿ ਮਾਪਦੰਡਾਂ ਵਿੱਚ ਮੌਜੂਦਾ ਸਮੇਂ ਕੋਈ ਤਬਦੀਲੀ ਕੀਤੀ ਗਈ, ਕਿਉਂਕਿ ਸਤੰਬਰ 2022 ਵਿੱਚ ਭਾਰਤ-ਆਸਟਰੇਲੀਆ ਮੈਚ ਖੇਡਿਆ ਗਿਆ ਹੈ। ਪਿਛਲੇ ਸਮੇਂ ਵਿੱਚ ਵਿਸ਼ਵ ਕੱਪ ਦੇ ਮੈਚ ਵੀ ਖੇਡੇ ਗਏ। ੳੁਨ੍ਹਾਂ ਕਿਹਾ ਇਹ ਵੀ ਦੱਸਿਆ ਜਾਵੇ ਕਿ ਕੀ ਆਈਸੀਸੀ ਦੀ ਟੀਮ ਵੱਲੋਂ ਮਾਪਦੰਡ ਦੇਖਣ ਲਈ ਮੁਹਾਲੀ ਸਟੇਡੀਅਮ ਦਾ ਕੋਈ ਦੌਰਾ ਵੀ ਕੀਤਾ ਗਿਆ? ਮੀਤ ਹੇਅਰ ਨੇ ਲਿਖਿਆ, “ਖੇਡਾਂ ਦੇ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਵੀ ਪੰਜਾਬ ਕੋਲ ਦੁਨੀਆ ਦੇ ਸਰਵੋਤਮ ਮੈਦਾਨ ਹਨ। ਮੁਹਾਲੀ ਦੇ ਆਈਐੱਸ ਬਿੰਦਰਾ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਸਟੇਡੀਅਮ ਨੂੰ ਦੋ ਵਿਸ਼ਵ ਕੱਪ ਸੈਮੀਫਾਈਨਲ ਜਿਨ੍ਹਾਂ ਵਿੱਚ 1996 ਵਿਲਜ਼ ਵਿਸ਼ਵ ਕੱਪ ਅਤੇ ਸਾਲ 2011 ਦੇ ਵਿਸ਼ਵ ਕੱਪ (ਦੋ ਲੀਗ ਮੁਕਾਬਲਿਆਂ ਤੋਂ ਇਲਾਵਾ) ਮੈਚਾਂ ਦੀ ਮੇਜ਼ਬਾਨੀ ਦੇ ਨਾਲ-ਨਾਲ 2016 ਵਿਸ਼ਵ ਕੱਪ ਟੀ-20 ਦੇ ਦੋ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੈ। ਖੇਡ ਮੰਤਰੀ ਨੇ ਪੱਤਰ ਵਿੱਚ ਆਖਿਆ, “ਹਾਲਾਂਕਿ ਇਸ ਸਾਲ ਅਕਤੂਬਰ ਅਤੇ ਨਵੰਬਰ ਵਿੱਚ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ-2023 ਦੇ ਪ੍ਰੋਗਰਾਮ ਵਿੱਚ ਪੰਜਾਬ ਨੂੰ ਕੋਈ ਵੀ ਮੈਚ ਅਲਾਟ ਨਹੀਂ ਕੀਤਾ ਗਿਆ, ਜੋ ਨਿਰਪੱਖ ਫੈਸਲਾ ਨਹੀਂ ਹੈ।’’