ਸਿਡਨੀ, ਆਸਟਰੇਲੀਆ ਦੇ ਕਪਤਾਨ ਐਰੋਨ ਫਿੰਚ ਦੀ ਤੇਜ਼ ਪਾਰੀ ’ਤੇ ਮੀਂਹ ਨੇ ਪਾਣੀ ਫੇਰ ਦਿੱਤਾ। ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਵਿਚ ਐਤਵਾਰ ਨੂੰ ਪਾਕਿਸਤਾਨ ਤੇ ਆਸਟਰੇਲੀਆ ਦਰਮਿਆਨ ਖੇਡਿਆ ਗਿਆ ਪਹਿਲਾ ਮੈਚ ਬੇਨਤੀਜਾ ਰਿਹਾ। ਮੀਂਹ ਪ੍ਰਭਾਵਤ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤੇ ਜਾਣ ਤੋਂ ਬਾਅਦ, ਪਾਕਿਸਤਾਨ ਨੇ 15 ਓਵਰਾਂ ਵਿੱਚ ਪੰਜ ਵਿਕਟਾਂ ’ਤੇ 107 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਆਸਟਰੇਲੀਆ ਨੇ ਡਕਵਰਥ ਲੂਇਸ ਸਿਸਟਮ ਨਾਲ ਜਿੱਤ ਲਈ 119 ਦੌੜਾਂ ਦਾ ਟੀਚਾ ਮਿਲਿਆ। ਆਸਟਰੇਲੀਆ ਨੇ ਟੀਚੇ ਦਾ ਪਿੱਛਾ ਕਰਦਿਆਂ 3.1 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 41 ਦੌੜਾਂ ਬਣਾਈਆਂ। ਇਸ ਸਮੇਂ ਦੌਰਾਨ ਫਿੰਚ ਬਹੁਤ ਹਮਲਾਵਰ ਰਿਹਾ, ਉਸ ਨੇ 16 ਗੇਂਦਾਂ ਵਿੱਚ ਨਾਬਾਦ ਪਾਰੀ ਵਿੱਚ ਪੰਜ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ। ਆਖ਼ਰੀ ਤਿੰਨ ਮੈਚਾਂ ਵਿਚ ਆਪਣਾ ਵਿਕਟ ਗਵਾਏ ਬਿਨਾਂ 217 ਦੌੜਾਂ ਬਣਾਉਣ ਵਾਲੇ ਵਾਰਨਰ ਨੇ ਚਾਰ ਗੇਂਦਾਂ ਵਿਚ ਦੋ ਦੌੜਾਂ ਬਣਾਈਆਂ। ਮੀਂਹ ਕਾਰਨ ਹੋਰ ਖੇਡ ਸੰਭਵ ਨਹੀਂ ਸੀ ਅਤੇ ਮੈਚ ਨੂੰ ਬੇਨਤੀਜਾ ਐਲਾਨਿਆ ਗਿਆ ਸੀ। ਫਿੰਚ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ, ਪਰ ਮੌਸਮ ਅੱਗੇ ਤੁਸੀਂ ਬਹੁਤ ਕੁਝ ਨਹੀਂ ਕਰ ਸਕਦੇ। ਪਾਕਿਸਤਾਨ ਨੂੰ 15 ਓਵਰਾਂ ਵਿਚ 107 ਦੌੜਾਂ ‘ਤੇ ਰੋਕਣਾ ਵੱਡਾ ਉਪਰਾਲਾ ਸੀ ਅਤੇ ਉਹ ਟੀਚੇ ਦੀ ਪ੍ਰਾਪਤੀ ਲਈ ਖੇਡੇ। ਜੇ ਮੈਚ ਵਿਚ 11 ਗੇਂਦਾਂ ਹੋਰ ਖੇਡੀਆਂ ਜਾਂਦੀਆਂ ਤਾਂ ਇਸ ਦਾ ਨਤੀਜਾ ਨਿਕਲ ਆਉਂਦਾ। ਦੋਵਾਂ ਟੀਮਾਂ ਦੀ ਪਾਰੀ ਵਿਚਕਾਰ 20 ਮਿੰਟ ਦਾ ਬ੍ਰੇਕ ਲਿਆ ਗਿਆ, ਜਿਸ ਦਾ ਆਸਟਰੇਲੀਆ ਨੂੰ ਬਹੁਤ ਨੁਕਸਾਨ ਹੋਇਆ। ਸ੍ਰੀਲੰਕਾ ਖ਼ਿਲਾਫ਼ ਘਰੇਲੂ ਸੀਰੀਜ਼ ਵਿਚ 3-0 ਦੀ ਹਾਰ ਤੋਂ ਬਾਅਦ, ਪਾਕਿਸਤਾਨ ਦੀ ਟੀਮ ਦੀ ਸੀਰੀਜ਼ ਵਿਚ ਨਵੇਂ ਕਪਤਾਨ ਬਾਬਰ ਆਜ਼ਮ ਦੀ ਅਗਵਾਈ ਕੀਤੀ। ਆਜ਼ਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 38 ਗੇਂਦਾਂ ਦੀ ਪਾਰੀ ਵਿੱਚ 59 ਦੌੜਾਂ ਬਣਾਈਆਂ। ਉਸ ਨੇ ਇਸ ਦੌਰਾਨ ਪੰਜ ਚੌਕੇ ਅਤੇ ਦੋ ਛੱਕੇ ਮਾਰੇ। ਟੀ-20 ਵਿਚ ਇਹ ਆਜ਼ਮ ਦਾ 11ਵਾਂ ਅਰਧ ਸੈਂਕੜਾ ਹੈ। ਸੀਰੀਜ਼ ਦਾ ਦੂਜਾ ਮੈਚ ਮੰਗਲਵਾਰ ਨੂੰ ਕੈਨਬਰਾ ਵਿੱਚ ਖੇਡਿਆ ਜਾਵੇਗਾ।