ਨੂਰਪੁਰ ਬੇਦੀ, 4 ਅਗਸਤ

ਨੂਰਪੁਰ ਬੇਦੀ ਦੇ ਇਲਾਕੇ ਵਿੱਚ ਅੱਜ ਮੁੜ ਪਏ ਭਾਰੀ ਮੀਂਹ ਨੇ ਇੱਕ ਵਾਰ ਫਿਰ ਲੋਕਾਂ ਦੇ ਘਰਾਂ ਅਤੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ। ਪਿੰਡ ਪਲਾਟਾ, ਹਰੀਪੁਰ, ਸਮੂੰਦੜੀਆਂ, ਭਨੂੰਹਾਂ, ਸਪਾਲਮਾਂ ਅਤੇ ਖੇੜਾ ਕਲਮੋਟ ’ਚ ਮੀਂਹ ਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਫਿਰ ਲੀਹ ਤੋਂ ਲਾਹ ਦਿੱਤਾ। ਪਿੰਡ ਪਲਾਟਾ ਦੇ ਸੋਹਣ ਸਿੰਘ, ਸੰਦੀਪ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਭਾਰੀ ਮੀਂਹ ਪੈਣ ਕਾਰਨ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ਡਿੱਗ ਗਈਆਂ ਤੇ ਪਹਾੜੀਆਂ ਤੋਂ ਆਇਆ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਵੜ ਗਿਆ। ਸੋਹਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਵੇਂ ਮਕਾਨ ਲਈ ਚਗਾਠਾਂ ਕੰਧ ਕੋਲ ਰੱਖੀਆਂ ਸਨ, ਉਹ ਵੀ ਪਾਣੀ ਦੀ ਭੇਟ ਚੜ੍ਹ ਗਈਆਂ, ਜਿਸ ਨਾਲ ਕਰੀਬ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪਿੰਡ ਪਲਾਟਾ ਦੇ ਬਹੁਤੇ ਕਿਸਾਨਾਂ ਦੀਆਂ ਫ਼ਸਲਾਂ ਵੀ ਮੀਂਹ ਦੇ ਪਾਣੀ ਦੀ ਮਾਰ ਹੇਠ ਆ ਕੇ ਤਬਾਹ ਹੋ ਗਈਆਂ। ਇਸ ਤਰ੍ਹਾਂ ਪਿੰਡ ਭਨੂੰਹਾਂ ਦਾ ਵੀ ਮੀਂਹ ਨਾਲ ਭਾਰੀ ਨੁਕਸਾਨ ਹੋਇਆ ਹੈ। ਪਿੰਡ ਦੇ ਵਸਨੀਕ ਜਸਵਿੰਦਰ ਸਿੰਘ, ਰਾਮ ਅਵਤਾਰ, ਪੱਪੂ ਮਿਸਤਰੀ, ਬਿੱਟੂ, ਜੱਸੀ, ਦਰਸ਼ਨ ਮਿਸਤਰੀ ਦੇ ਘਰਾਂ ਦਾ ਵੀ ਮੀਂਹ ਦੇ ਪਾਣੀ ਨਾਲ ਨੁਕਸਾਨ ਹੋਇਆ ਹੈ। ਪਿੰਡ ਭਨੂੰਹਾਂ ਦੇ ਸਰਪੰਚ ਰਾਮ ਸਿੰਘ ਨੇ ਦੱਸਿਆ ਕਿ ਪਿੰਡ ਦੇ ਜਾਂਦੇ ਨਾਲੇ ’ਤੇ ਕੁਝ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ, ਜਿਸ ਕਰ ਕੇ ਪਹਾੜੀਆਂ ਦਾ ਪਾਣੀ ਨਾਲੇ ਦੀ ਬਿਜਾਏ ਗਲੀਆਂ ਵਿੱਚ ਆ ਗਿਆ ਤੇ ਘਰਾਂ ਵਿੱਚ ਵੜ ਕੇ ਕਾਫੀ ਨੁਕਸਾਨ ਕਰ ਗਿਆ। ਪਿੰਡ ਰੈਸੜਾ ਦੇ ਸਮਾਜ ਸੇਵੀ ਗੁਰਮੀਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਈ ਏਕੜ ਬੀਜੀਆਂ ਫਸਲਾਂ ਵੀ ਪਾਣੀ ਦੀ ਭੇਟ ਚੜ੍ਹ ਗਈਆਂ। ਪਿੰਡ ਹਰੀਪੁਰ ਵਿੱਚ ਵੀ ਪਾਣੀ ਨੇ ਫ਼ਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ। ਲੋਕਾਂ ਨੇ ਦੁਬਾਰਾ ਮੱਕੀ ਬਾਜਰਾ ਤੇ ਹੋਰ ਫ਼ਸਲਾਂ ਬੀਜੀਆਂ ਸਨ, ਜੋ ਅੱਜ ਦੇ ਮੀਂਹ ਨੇ ਬਰਬਾਦ ਕਰ ਦਿੱਤੀਆਂ। ਪਿੰਡ ਸਪਲਾਮਾ, ਸਮੂੰਦੜੀਆਂ ਤੇ ਖੇੜਾ ਕਲਮੌਟ ਦੀਆਂ ਫ਼ਸਲਾਂ ਦਾ ਵੀ ਪਾਣੀ ਨਾਲ ਕਾਫੀ ਨੁਕਸਾਨ ਹੋਇਆ ਹੈ। ਉਕਤ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਇਥੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਵਾਰੀ ਕਰਵਾਉਣ ਅਤੇ ਮਕਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।