ਮਾਨਸਾ 21 ਜੁਲਾਈ

ਰਾਤ ਭਰ ਤੋਂ ਪੈਣ ਲੱਗੇ ਦਰਮਿਆਨੇ ਅਤੇ ਭਾਰੀ ਮੀਂਹ ਨੇ ਪ੍ਰਸ਼ਾਸਨ ਦੇ ਸਭ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਇਥੇ ਨੀਵੇ ਇਲਾਕਿਆਂ ਸਮੇਤ ਮਾਨਸਾ ਸ਼ਹਿਰ ਦੇ ਹਰ ਹਿੱਸੇ ਵਿੱਚ ਪਾਣੀ ਭਰ ਗਿਆ ਹੈ, ਜਦੋਂ ਮੌਸਮ ਮਹਿਕਮੇ ਵੱਲੋਂ ਹੋਰ ਮੀਂਹ ਦੀ ਦਿੱਤੀ ਚਿਤਾਵਨੀ ਨੇ ਲੋਕਾਂ ਨੂੰ ਡਰਾ ਦਿੱਤਾ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁਪਤਾ ਦੇ ਘਰ ਦੀ ਬਾਹਰਲੀ ਕੰਧ ਨੂੰ ਤੋੜਕੇ ਪਾਣੀ ਅੰਦਰ ਘਰ ਵਿਚ ਪ੍ਰਵੇਸ਼ ਕਰ ਗਿਆ ਹੈ। ਇਸੇ ਤਰ੍ਹਾਂ ਅੱਜ ਸਵੇਰੇ ਮੀਂਹ ਨੇ ਸਾਰੇ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਜ਼ਿਲ੍ਹਾ ਕਚਹਿਰੀਆਂ ਨੂੰ ਜਾਂਦੀ ਵੀਆਈਪੀ ਸੜਕ ਉਪਰ ਭਾਰੀ ਮਾਤਰਾ ਵਿੱਚ ਪਾਣੀ ਖੜ੍ਹਾ ਦਿੱਤਾ ਹੈ, ਜਿਸ ਕਾਰਨ ਲੰਘਣਾਂ ਟੱਪਣਾ ‌ਬਹੁਤ ਔਖਾ ਹੋ ਗਿਆ ਹੈ। ਮੀਂਹ ਕਾਰਨ ਸ਼ਹਿਰ ਦੇ ਮੁੱਖ ਬਜ਼ਾਰ ਨਹੀਂ ਖੁੱਲ ਸਕੇ, ਬੱਸ ਅੱਡੇ ਵਿੱਚ ਪਾਣੀ ਭਰ ਗਿਆ ਹੈ, ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਡਿਊਟੀ ਉਪਰ ਜਾਣ ਦੀ ਵੱਡੀ ਦਿੱਕਤ ਆਈ ਹੈ। ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਵੱਡੀ ਸੱਮਸਿਆ ਖੜ੍ਹੀ ਹੋ ਗਈ ਹੈ।

ਇਸੇ ਤਰ੍ਹਾਂ ਜੰਗਲਾਤ ਵਿਭਾਗ ਦੇ ਦਫ਼ਤਰ ਵਿਚ ਭਾਰੀ ਪਾਣੀ ਜਾ ਵੜਿਆ ਹੈ, ਬੈਠਣ ਖੜਨ ਲਈ ਥਾਂ ਨਹੀਂ ਬਚੀ ਹੈ।