ਟੋਰਾਂਟੋ, 16 ਫਰਵਰੀ
ਕੈਨੇਡਾ ’ਚ ਇਕ ਪ੍ਰਮੁੱਖ ਮੰਦਰ ਦੀਆਂ ਦੀਵਾਰਾਂ ’ਤੇ ‘ਖਾਲਿਸਤਾਨੀ ਵੱਖਵਾਦੀਆਂ’ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਭਾਰਤ ਵਿਰੋਧੀ ਨਾਅਰੇ ਲਿਖ ਦਿੱਤੇ। ਇਥੇ ਭਾਰਤੀ ਮਿਸ਼ਨ ਨੇ ਘਟਨਾ ਦੀ ਨਿਖੇਧੀ ਕਰਦਿਆਂ ਕੈਨੇਡਾ ਦੇ ਅਧਿਕਾਰੀਆਂ ਨੂੰ ਸਾਜ਼ਿਸ਼ਘਾੜਿਆਂ ਖ਼ਿਲਾਫ਼ ਫੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਤਾਜ਼ੀ ਘਟਨਾ 13 ਫਰਵਰੀ ਨੂੰ ਮਿਸੀਸਾਗਾ ਦੇ ਰਾਮ ਮੰਦਰ ’ਚ ਵਾਪਰੀ। ਉਂਜ ਘਟਨਾ ਦੇ ਸਮੇਂ ਬਾਰੇ ਪਤਾ ਨਹੀਂ ਚੱਲ ਸਕਿਆ ਹੈ।
ਟੋਰਾਂਟੋ ’ਚ ਭਾਰਤੀ ਕੌਂਸੁਲੇਟ ਨੇ ਮੰਗਲਵਾਰ ਨੂੰ ਟਵੀਟ ਕੀਤਾ,‘‘ਅਸੀਂ ਮਿਸੀਸਾਗਾ ’ਚ ਰਾਮ ਮੰਦਰ ਦੀਆਂ ਦੀਵਾਰਾਂ ’ਤੇ ਭਾਰਤ ਵਿਰੋਧੀ ਨਾਅਰੇ ਲਿਖ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਕੈਨੇਡਾ ਦੇ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਫੌਰੀ ਕਾਰਵਾਈ ਦੀ ਬੇਨਤੀ ਕੀਤੀ ਹੈ।’’ ਮੰਦਿਰ ਦੇ ਫੇਸਬੁੱਕ ਪੇਜ ’ਤੇ ਲਿਖਿਆ ਗਿਆ ਹੈ,‘‘ਓਂਟਾਰੀਓ ਦੇ ਮਿਸੀਸਾਗਾ ’ਚ ਸ੍ਰੀ ਰਾਮ ਮੰਦਰ ਦੀਆਂ ਦੀਵਾਰਾਂ ਰਾਤ (13 ਫਰਵਰੀ) ਨੂੰ ਗੰਦੀਆਂ ਕਰ ਦਿੱਤੀਆਂ ਗਈਆਂ। ਅਸੀਂ ਇਸ ਘਟਨਾ ਨਾਲ ਬਹੁਤ ਪ੍ਰੇਸ਼ਾਨ ਹਾਂ ਅਤੇ ਅਧਿਕਾਰੀਆਂ ਨਾਲ ਇਸ ਮਾਮਲੇ ’ਤੇ ਸਹਿਯੋਗ ਕਰ ਰਹੇ ਹਾਂ।’’ ਮੰਦਰ ਦੀਆਂ ਦੀਵਾਰਾਂ ’ਤੇ ਖਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ। ਇਹ ਪਹਿਲੀ ਵਾਰ ਨਹੀਂ ਹੈ ਕਿ ਕੈਨੇਡਾ ’ਚ ਮੰਦਰ ਦੀਆਂ ਦੀਵਾਰਾਂ ’ਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਹਨ। ਜਨਵਰੀ ’ਚ ਵੀ ਕੈਨੇਡਾ ਦੇ ਇਕ ਮੰਦਿਰ ਦੀ ਦੀਵਾਰ ’ਤੇ ਭਾਰਤ ਵਿਰੋਧੀ ਨਾਅਰੇ ਲਿਖੇ ਮਿਲੇ ਸਨ।