ਮੁੰਬਈ, 7 ਜੁਲਾਈ
ਅਦਾਕਾਰਾ ਤਾਪਸੀ ਪੰਨੂ ਫਿਲਮ ‘ਮਿਸ਼ਨ ਇੰਪਾਸੀਬਲ’ ਨਾਲ ਤੇਲਗੂ ਸਿਨੇ ਜਗਤ ਵਿੱਚ ਵਾਪਸੀ ਕਰਨ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਸਵਰੂਪ ਆਰਐੱਸਜੇ ਨੇ ਕੀਤਾ ਹੈ। ਸਾਲ 2010 ਵਿੱਚ ਤੇਲਗੂ ਫਿਲਮ ‘ਝੂਮੰਦੀ ਨਾਦਮ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਤਾਪਸੀ ਆਪਣੀ ਥ੍ਰਿੱਲਰ ਫਿਲਮ ‘ਗੇਮ ਓਵਰ’ ਤੋਂ ਦੋ ਸਾਲ ਬਾਅਦ ਫਿਲਮ ਜਗਤ ਵਿੱਚ ਪਰਤ ਰਹੀ ਹੈ। ਫਿਲਮ ‘ਮਿਸ਼ਨ ਇੰਪਾਸੀਬਲ’ ਦਾ ਨਿਰਮਾਣ ਨਿਰੰਜਨ ਰੈਡੀ ਤੇ ਅਨਵੇਸ਼ ਰੈਡੀ ਕਰਨਗੇ।
33 ਸਾਲਾ ਅਦਾਕਾਰਾ ਅੱਜ ਹੈਦਰਾਬਾਦ ਵਿੱਚ ਫਿਲਮ ਦੀ ਟੀਮ ’ਚ ਸ਼ਾਮਲ ਹੋਈ ਤੇ ਫਿਲਮਸਾਜ਼ਾਂ ਨੇ ਇਸ ਦੌਰਾਨ ਪ੍ਰਾਜੈਕਟ ਦੀ ਇੱਕ ਫੋਟੋ ਰਿਲੀਜ਼ ਕੀਤੀ, ਜਿਸ ਵਿੱਚ ਤਾਪਸੀ ਇੱਕ ਲੈਪਟਾਪ ਵੱਲ ਦੇਖ ਰਹੀ ਹੈ। ਤਾਪਸੀ ਨੇ ਕਿਹਾ, ‘ਪਿਛਲੇ ਸੱਤ ਸਾਲਾਂ ਵਿੱਚ ਮੈਂ ਹਮੇਸ਼ਾ ਉਨ੍ਹਾਂ ਕਹਾਣੀਆਂ ਦਾ ਹਿੱਸਾ ਬਣਨ ਦੀ ਤਲਾਸ਼ ਵਿੱਚ ਰਹੀ ਹਾਂ, ਜਿਨ੍ਹਾਂ ਵਿੱਚ ਮੈਂ ਖ਼ੁਦ ਨੂੰ ਦਰਸ਼ਕ ਵਜੋਂ ਦੇਖਣਾ ਚਾਹੁੰਦੀ ਹਾਂ। ਅਜਿਹੀਆਂ ਫਿਲਮਾਂ ਜਿਨ੍ਹਾਂ ’ਤੇ ਮੈਂ ਸਮਾਂ ਤੇ ਪੈਸਾ ਖਰਚ ਕਰਾਂਗੀ ਤੇ ‘ਮਿਸ਼ਨ ਇੰਪਾਸੀਬਲ’ ਇਨ੍ਹਾਂ ਵਿੱਚੋਂ ਹੀ ਇੱਕ ਹੈ।’ ਉਸ ਨੇ ਅੱਗੇ ਕਿਹਾ ਕਿ ‘ਮਿਸ਼ਨ ਇੰਪਾਸੀਬਲ’ ਦੀ ਕਹਾਣੀ ਪ੍ਰਭਾਵਸ਼ਾਲੀ ਹੈ ਤੇ ਇਸ ਦੇ ਪਿੱਛੇ ਵਧੀਆ ਟੀਮ ਕੰਮ ਕਰ ਰਹੀ ਹੈ। ਪੰਨੂ ਨੇ ਅੱਗੇ ਕਿਹਾ, ‘ਚੰਗੀਆਂ ਫਿਲਮਾਂ ਚੁਣਨ ਸਬੰਧੀ ਦਰਸ਼ਕਾਂ ਵੱਲੋਂ ਮੇਰੇ ’ਤੇ ਕੀਤੇ ਜਾਂਦੇ ਭਰੋਸੇ ਨੂੰ ਮੈਂ ਬਰਕਰਾਰ ਰੱਖਣਾ ਚਾਹੁੰਦੀ ਹਾਂ ਤੇ ਇਸ ਫਿਲਮ ਦਾ ਹਿੱਸਾ ਬਣ ਕੇ ਮੈਂ ਅਜਿਹਾ ਹੀ ਕਰ ਰਹੀ ਹਾਂ।’ ਤਾਪਸੀ ਹਾਲ ਹੀ ਵਿੱਚ ਫਿਲਮ ‘ਹਸੀਨ ਦਿਲਰੁਬਾ’ ਵਿੱਚ ਨਜ਼ਰ ਆਈ ਹੈ, ਜੋ ਪਿਛਲੇ ਹਫ਼ਤੇ ਤੋਂ ਨੈੱਟਫਲਿਕਸ ’ਤੇ ਦਿਖਾਈ ਜਾ ਰਹੀ ਹੈ।