ਵਿਧਾਨ ਸਭਾ ਦੀਆਂ ਚੋਣਾਂ ਦੀ ਤਾਰੀਖ ਦਾ ਐਲਾਨ ਹੋਣ ਤੋਂ ਦੋ ਮਹੀਨੇ ਪਹਿਲਾਂ ਜਾਗਰ ਨੇ ਸਿਫ਼ਾਰਿਸ਼ ਰਾਹੀਂ ਆਪਣੀ ਪੰਜਾਹ ਸਾਲਾ ਪਤਨੀ ਪ੍ਰੀਤੋ ਦੀ ਬੁਢਾਪਾ ਪੈਨਸ਼ਨ ਲਵਾਉਣ ਵਿੱਚ ਮੋਰਚਾ ਮਾਰ ਲਿਆ ਸੀ।

‘‘ਨਹੀਂ ਰੀਸਾਂ ਜਾਗਰਾ ਤੇਰੀਆਂ। ਮੰਨਗੇ ਤੇਰੀ ਹੁਸ਼ਿਆਰੀ ਨੂੰ।’’ ਮੋਹਨ ਨੇ ਵਿਅੰਗ ਕੀਤਾ।

‘‘ਗੱਲ ਤਾਂ ਦੱਸ, ਐਵੇਂ ਕਿਉਂ ਫੂਕ ਛਕਾਈ ਜਾਨੈ?’’ ਆਪਣੇ ਜਮਾਤੀ ਰਹੇ ਮੋਹਨ ਨੂੰ ਜਾਗਰ ਨੇ ਟੋਕ ਕੇ ਕਾਰਨ ਪੁੱਛਿਆ।

‘‘ਮੈਨੂੰ ਕਿਤੋਂ ਕੰਨਸੋਅ ਮਿਲੀ ਐ ਬਈ ਭਰਜਾਈ ਦੀ ਪੈਨਸ਼ਨ ਲਵਾਉਣ ਵਿੱਚ ਤੂੰ ਧਾਂਕ ਜਮਾ ਗਿਆ।’’ ਮੋਹਨ ਲਾਲ ਨੇ ਆਪਣੇ ਮਿੱਤਰ ਜਾਗਰ ਨੂੰ ਮੁਸਕਰਾਉਂਦਿਆਂ ਦੱਸਿਆ। ‘‘ਇੱਥੇ ਕਈ ਮਰਿਆਂ ਦੀਆਂ ਪੈਨਸ਼ਨਾਂ ਜੇਬ੍ਹਾਂ ਵਿੱਚ ਪਾਈ ਜਾਂਦੇ ਐ। ਅਸੀਂ ਤਾਂ ਬਈ- ਫਿਰ ਵੀ ਜਿਉਂਦੇ ਆਂ।’’ ਜਾਗਰ ਨੇ ਗ਼ਲਤ ਪੈਨਸ਼ਨ ਲਵਾਉਣ ਦਾ ਵਿਅੰਗ ਵਿੱਚ ਪੱਖ ਪੂਰਿਆ।

‘‘ਮਿਲੀਭੁਗਤ ਕਰਕੇ ਉਹ ਕਾਗਜ਼ਾਂ ਵਿੱਚ ਜਿਉਂਦੇ ਐ।’’ ਨਾਜਾਇਜ਼ ਪੈਨਸ਼ਨਾਂ ਬਾਰੇ ਮੋਹਨ ਨੇ ਮਿਲੀਭੁਗਤ ਦਾ ਮਸਲਾ ਜਾਗਰ ਦੇ ਧਿਆਨ ਵਿੱਚ ਲਿਆਂਦਾ।

– ਸੁੰਦਰ ਪਾਲ ਪ੍ਰੇਮੀ