ਨਵੀਂ ਦਿੱਲੀ, 17 ਜਨਵਰੀ
ਆਪਣੀ ਹਮਲਾਵਰ ਬੱਲੇਬਾਜ਼ੀ ਨਾਲ ਮਹਿਲਾ ਕ੍ਰਿਕਟ ਦੀ ਨਵੀਂ ਖਿਡਾਰਨ ਵਜੋਂ ਉੱਭਰੀ 16 ਸਾਲਾ ਖਿਡਾਰਨ ਸ਼ੈਫਾਲੀ ਵਰਮਾ ਨੂੰ ਭਾਰਤੀ ਕ੍ਰਿਕਟ ਬੋਰਡ ਨੇ ਅੱਜ ਅਕਤੂਬਰ 2019 ਤੋਂ ਸਤੰਬਰ 2020 ਲਈ ਕੇਂਦਰੀ ਕਰਾਰ ਵਾਲੀਆਂ ਮਹਿਲਾ ਕ੍ਰਿਕਟਰਾਂ ਵਿੱਚ ਸ਼ਾਮਲ ਕੀਤਾ ਹੈ। ਭਾਰਤੀ ਕ੍ਰਿਕਟ ਬੋਰਡ ਦੀ ਇਸ ਸੂਚੀ ’ਚ ਤਿੰਨ ਵਰਗ ਹਨ ਜਿਨ੍ਹਾਂ ’ਚ ਗਰੇਡ ‘ਏ’ ਵਿੱਚ ਸਿਰਫ਼ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਤੇ ਪੂਨਮ ਯਾਦਵ ਨੂੰ ਜਗ੍ਹਾ ਦਿੱਤੀ ਗਈ ਹੈ ਜਿਸ ਦੀ ਕਰਾਰ ਰਾਸ਼ੀ 50 ਲੱਖ ਰੁਪਏ ਹੈ। ਗਰੇਡ ‘ਬੀ’ ਲਈ ਇਹ ਰਾਸ਼ੀ 30 ਲੱਖ ਤੇ ਗਰੇਡ ‘ਸੀ’ ਲਈ 10 ਲੱਖ ਰੁਪਏ ਹੈ। ਇਸ ਮਹੀਨੇ ਦੇ ਅਖ਼ੀਰ ਵਿੱਚ 16 ਸਾਲਾਂ ਦੀ ਹੋਣ ਵਾਲੀ ਸ਼ੈਫਾਲੀ ਨੇ ਪਿਛਲੇ ਸਾਲ ਸਤੰਬਰ ਵਿੱਚ ਕੌਮਾਂਤਰੀ ਕ੍ਰਿਕਟ ਵਿੱਚ ਸ਼ੁਰੂਆਤ ਕੀਤੀ ਸੀ। ਉਸ ਨੇ ਹੁਣ ਤੱਕ ਨੌਂ ਟੀ20 ਮੈਚ ਖੇਡੇ ਹਨ ਜਿਨ੍ਹਾਂ ’ਚ ਦੋ ਅਰਧਸੈਂਕੜਿਆਂ ਦੀ ਮੱਦਦ ਨਾਲ 222 ਦੌੜਾਂ ਬਣਾਈਆਂ ਹਨ। ਸ਼ੈਫਾਲੀ ਦੇ ਨਾਲ ਹਰਲੀਨ ਦਿਓਲ ਤੇ ਪ੍ਰਿਯਾ ਪੂਨੀਆ ਨੂੰ ਵੀ ਕਰਾਰ ’ਚ ਗਰੇਡ ‘ਸੀ’ ਵਿੱਚ ਰੱਖਿਆ ਗਿਆ ਹੈ। ਪਿਛਲੇ ਸਾਲ ਸਤੰਬਰ ਵਿੱਚ ਟੀ20 ਤੋਂ ਸੰਨਿਆਸ ਲੈਣ ਵਾਲੀ ਇਕ ਰੋਜ਼ਾ ਟੀਮ ਦੀ ਕਪਤਾਨ ਮਿਤਾਲੀ ਰਾਜ ਤੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਗਰੇਡ ‘ਬੀ’ ਵਿੱਚ ਰੱਖਿਆ ਗਿਆ ਹੈ। ਵਿਕਟਕੀਪਰ ਤਾਨਿਆ ਭਾਟੀਆ ਤੇ ਸਪਿੰਨਰ ਰਾਧਾ ਯਾਦਵ ਆਪਣੇ ਚੰਗੇ ਪ੍ਰਦਰਸ਼ਨ ਕਾਰਨ ਗਰੇਡ ‘ਬੀ’ ਵਿੱਚ ਜਗ੍ਹਾ ਬਣਾਉਣ ’ਚ ਸਫ਼ਲ ਰਹੀ