ਮੁੰਬਈ, 22 ਮਾਰਚ

ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ ਮੰਨਣਾ ਹੈ ਕਿ ਉਸ ਨੇ ਪੰਜਾਬੀ ਸੰਗੀਤ ਇੰਡਸਟਰੀ ਨੂੰ ਹਮੇਸ਼ਾ ਉੱਚੇ ਪੱਧਰ ’ਤੇ ਰੱਖਿਆ ਹੈ। ਨਵਾਜ਼ੂਦੀਨ ਗੀਤ ‘ਬਾਰਿਸ਼ ਕੀ ਜਾਏ’ ਦੀ ਵੀਡੀਓ ਵਿੱਚ ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਨਾਲ ਨਵੀਂ ਸ਼ੁਰੂਆਤ ਕਰਦੇ ਨਜ਼ਰ ਆਉਣਗੇ। ਨਵਾਜ਼ੂਦੀਨ ਨੇ ਕਿਹਾ, ‘‘ਕਈ ਸਾਲਾਂ ਤੋਂ ਗ਼ੈਰ-ਫਿਲਮੀ ਮਿਊਜ਼ਿਕ ਵੀਡੀਓ ਕਰਨਾ ਮੇਰੀ ਛੁਪੀ ਇੱਛਾ ਸੀ ਪਰ ਅਜਿਹੇ ਪ੍ਰਾਜੈਕਟ ’ਤੇ ਕੰਮ ਕਰਨ ਦਾ ਕਦੇ ਮੌਕਾ ਨਹੀਂ ਮਿਲਿਆ, ਜਿਸ ਨਾਲ ਮੈਂ ਕੁਝ ਵੱਖਰਾ ਕਰ ਸਕਾਂ।’’ ਉਨ੍ਹਾਂ ਕਿਹਾ ਕਿ ‘ਬਾਰਿਸ਼ ਕੀ ਜਾਏ’ ਗੀਤ ਜ਼ਰੀਏ ਉਨ੍ਹਾਂ ਨੂੰ ਆਪਣੀ ਇਹ ਇੱਛਾ ਪੂਰੀ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ, ‘ਮੈਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਮੇਸ਼ਾ ਉੱਚੇ ਸਥਾਨ ’ਤੇ ਰੱਖਦਾ ਹਾਂ ਅਤੇ ਇਸ ਰੰਗ-ਬਿਰੰਗੀ, ਪ੍ਰਮਾਣਿਕ ਅਤੇ ਅਮੀਰ ਇੰਡਸਟਰੀ ਨਾਲ ਨਵੀਂ ਸ਼ੁਰੂਆਤ ਕਰਨਾ ਸੱਚਮੁੱਚ ਸ਼ਾਨਦਾਰ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਹੁਣ ਇਸ ਨੂੰ ਖੇਤਰੀ ਕਹਿਣਾ ਗ਼ਲਤ ਹੋਵੇਗਾ। ਇੱਕ ਸਮਾਂ ਸੀ, ਜਦੋਂ ਗਾਇਕ ਕਦੇ ਕਦਾਈ ਬੌਲੀਵੁੱਡ ਟਰੈਕ ਵਿੱਚ ਆਉਂਦੇ ਸਨ ਪਰ ਮੈਨੂੰ ਲੱਗਦਾ ਹੈ ਕਿ ਹੁਣ ਭੂਮਿਕਾ ਇਸ ਦੇ ਉਲਟ ਹੈ ਅਤੇ ਹੁਣ ਅਦਾਕਾਰ ਮਿਊਜ਼ਿਕ ਵੀਡੀਓ ਤੱਕ ਪਹੁੰਚ ਕਰਦੇ ਹਨ ਕਿਉਂਕਿ ਉਹ ਇਨ੍ਹਾਂ ਦੀ ਮਹੱਤਤਾ ਸਮਝਦੇ ਹਨ। ਦਰਅਸਲ, ਇਹ ਮਿਊਜ਼ਿਕ ਇੰਡਸਟਰੀ ਲਈ ਅੱਗੇ ਵਧਣ ਦਾ ਸਮਾਂ ਹੈ।’’ ਸੁਨੰਦਾ ਸ਼ਰਮਾ ਬਾਰੇ ਗੱਲਬਾਤ ਕਰਦਿਆਂ ਨਵਾਜ਼ੂਦੀਨ ਨੇ ਕਿਹਾ ਕਿ ਉਹ ਇੱਕ ਕਮਾਲ ਗਾਇਕਾ ਹੈ ਅਤੇ ਅਦਾਕਾਰੀ ਦੀ ਕਾਬਲੀਅਤ ਵੀ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸੁਨੰਦਾ ਨਾਲ ਕੰਮ ਕਰਨਾ ਉਨ੍ਹਾਂ ਲਈ ਕਾਫ਼ੀ ਮਜ਼ੇਦਾਰ ਤਜਰਬਾ ਰਿਹਾ ਹੈ। ‘ਬਾਰਿਸ਼ ਕੀ ਜਾਏ’ ਗਾਣੇ ਦੇ ਬੋਲ ਜਾਨੀ ਨੇ ਲਿਖੇ ਹਨ ਅਤੇ ਇਸ ਨੂੰ ਬੀ ਪਰਾਕ ਨੇ ਗਾਇਆ ਹੈ। ਇਸ ਗਾਣੇ ਦੀ ਵੀਡੀਓ ਅਰਵਿੰਦਰ ਖਹਿਰਾ ਨੇ ਬਣਾਈ ਹੈ, ਜੋ 27 ਮਾਰਚ ਨੂੰ ਰਿਲੀਜ਼ ਹੋਵੇਗੀ। ਹਾਲਾਂ ਕਿ ਗਾਣੇ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ।