ਕੈਪਟਨ ਸਰਕਾਰ ‘ਤੇ ਲੱਖਾਂ ਟਰਾਂਸਪੋਰਟਰਾਂ ਨੂੰ ਵਿਹਲੇ ਕਰਨ ਦਾ ਲਗਾਇਆ ਦੋਸ਼

ਤੁਰੰਤ ਬਹਾਲ ਹੋਣ ਟਰੱਕ, ਟੈਂਪੂ ਤੇ ਹੋਰ ਟਰਾਂਸਪੋਰਟ ਯੂਨੀਅਨਾਂ

ਚੰਡੀਗੜ੍ਹ, 9 ਮਈ 2019

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਟਰੱਕ ਯੂਨੀਅਨਾਂ, ਟੈਂਪੂ ਯੂਨੀਅਨਾਂ, ਕੈਂਟਰ ਯੂਨੀਅਨਾਂ, ਟਰਾਲਾ ਯੂਨੀਅਨਾਂ, ਟਰਾਲੀ ਯੂਨੀਅਨਾਂ ਅਤੇ ਢੋ-ਢੁਆਈ ਲਈ ਵਰਤੇ ਜਾਂਦੇ ਛੋਟੇ ਵਹੀਕਲਾਂ ‘ਤੇ ਆਧਾਰਿਤ ਛੋਟਾ ਹਾਥੀ ਯੂਨੀਅਨਾਂ ਨੂੰ ਕੁਚਲ ਕੇ ਬੇਲਗ਼ਾਮ ਟਰਾਂਸਪੋਰਟ ਮਾਫ਼ੀਆ ਨੂੰ ਸਹਿ ਦੇਣ ਦਾ ਦੋਸ਼ ਲਗਾਇਆ ਹੈ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ‘ਚ ਟਰੱਕ ਯੂਨੀਅਨਾਂ ਸਮੇਤ ਸਾਰੀਆਂ ਛੋਟੀਆਂ ਵੱਡੀਆਂ ਟਰਾਂਸਪੋਰਟ ਯੂਨੀਅਨਾਂ ਨੂੰ ਬਹਾਲ ਕਰਕੇ ਆਧੁਨਿਕ ਤਰੀਕੇ ਨਾਲ ਅਪਗ੍ਰੇਡ ਕੀਤਾ ਜਾਵੇ।

ਹਰਪਾਲ ਸਿੰਘ ਚੀਮਾ ਨੇ ਸਮੂਹ ਨਿੱਜੀ ਟਰਾਂਸਪੋਰਟਰਾਂ ਨਾਲ ਵਾਅਦਾ ਕੀਤਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਟਰਾਂਸਪੋਰਟ ਮਾਫ਼ੀਆ ਨੂੰ ਨੱਥ ਪਾਵੇਗੀ, ਜੋ ਸਿਆਸੀ ਸੱਤਾਧਾਰੀਆਂ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ, ਡੀਟੀਓ ਦਫ਼ਤਰਾਂ ਦੇ ਏਜੰਟਾਂ ਅਤੇ ਸਿਆਸੀ ਸਰਪ੍ਰਸਤੀ ਵਾਲੇ ਗੁੰਡਿਆਂ ਦੀ ਮਿਲੀਭੁਗਤ ਨਾਲ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ।

‘ਆਪ’ ਦੀ ਸਰਕਾਰ ਬਣਨ ‘ਤੇ ਪਾਏਦਾਰ ਟਰਾਂਸਪੋਰਟ ਨੀਤੀ ਬਣਾਈ ਜਾਵੇਗੀ, ਜੋ 1992 ਤੋਂ ਰੱਦੀ ਦੀ ਟੋਕਰੀ ‘ਚ ਸੁੱਟੀ ਪਈ ਹੈ। ਨਵੀਂ ਟਰਾਂਸਪੋਰਟ ਨੀਤੀ ਤਹਿਤ ਜਿੱਥੇ ਟਰਾਂਸਪੋਰਟ ਦੇ ਕਾਰੋਬਾਰ ਨੂੰ ਲਾਹੇਵੰਦ ਬਣਾਇਆ ਜਾਵੇਗਾ, ਉੱਥੇ ਯੂਨੀਅਨਾਂ ਨੂੰ ਸਰਕਾਰੀ ਮਾਨਤਾ ਦੇ ਕੇ ਆਧੁਨਿਕ ਪ੍ਰਬੰਧਨ ਦਿੱਤਾ ਜਾਵੇਗਾ, ਜੋ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇਗਾ। ਚੀਮਾ ਨੇ ਕਿਹਾ ਕਿ ਇੰਸਪੈੱਕਟਰੀ ਰਾਜ ਅਤੇ ਹੇਠੋਂ ਉੱਤੋਂ ਤੱਕ ਫੈਲੇ ਭ੍ਰਿਸ਼ਟਾਚਾਰ ਨੇ ਟਰਾਂਸਪੋਰਟ ਦੇ ਕਾਰੋਬਾਰ ਨੂੰ ਘਾਟੇ ਦਾ ਧੰਦਾ ਬਣਾ ਦਿੱਤਾ ਹੈ। ਜਿਸ ਕਾਰਨ ਲੱਖਾਂ ਪਰਿਵਾਰ ਭੁੱਖੇ ਮਰਨ ਦੀ ਕਗਾਰ ‘ਤੇ ਆ ਗਏ ਹਨ। ਟਰਾਂਸਪੋਰਟ ਕਾਰੋਬਾਰ ਦੀ ਇਸ ਤਰਸਯੋਗ ਹਾਲਤ ਲਈ ਪਹਿਲਾਂ ਬਾਦਲ ਅਤੇ ਹੁਣ ਕੈਪਟਨ ਸਰਕਾਰ ਇੱਕ ਦੂਜੇ ਤੋਂ ਵਧ ਕੇ ਜ਼ਿੰਮੇਵਾਰ ਹਨ।