ਨਵੀਂ ਦਿੱਲੀ, 14 ਦਸੰਬਰ

ਭਾਰਤ ਦੀ ਟੈਸਟ ਟੀਮ ਦਾ ਉਪ-ਕਪਤਾਨ ਰੋਹਿਤ ਸ਼ਰਮਾ ਮਾਸਪੇਸ਼ੀਆਂ ’ਚ ਖਿਚਾਅ ਨਾਲ ਜੁੜੀ ਪੁਰਾਣੀ ਸੱਟ ਕਰਕੇ ਦੱਖਣੀ ਅਫ਼ਰੀਕਾ ਖਿਲਾਫ਼ ਆਗਾਮੀ ਤਿੰਨ ਮੈਚਾਂ ਦੀ ਟੈਸਟ ਲੜੀ ਲਈ ਟੀਮ ’ਚੋਂ ਬਾਹਰ ਹੋ ਗਿਆ ਹੈ। ਮੁੰਬਈ ਵਿੱਚ ਚੱਲ ਰਹੇ ਟੀਮ ਦੇ ਨੈੱਟ ਸੈਸ਼ਨ ਦੌਰਾਨ ਰੋਹਿਤ ਦੀ ਸੱਟ ਮੁੜ ਉੱਭਰ ਆਈ ਹੈ। ਇਸ ਦੌਰਾਨ ਰੋਹਿਤ ਦੇ ਹੱਥ ’ਤੇ ਵੀ ਸੱਟ ਲੱਗਣ ਦੀਆਂ ਰਿਪੋਰਟਾਂ ਹਨ। ਦੱਖਣੀ ਅਫ਼ਰੀਕਾ ਦੌਰੇ ਲਈ ਐਲਾਨੀ ਟੀਮ ਵਿੱਚ ਹੁਣ ਰੋਹਿਤ ਸ਼ਰਮਾ ਦੀ ਥਾਂ ਭਾਰਤ ਦੀ ‘ਏ’ ਟੀਮ ਦੇ ਕਪਤਾਨ ਪ੍ਰਿਯਾਂਕ ਪਾਂਚਾਲ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਬੋਰਡ ਨੇ ਅੱਜ ਇਕ ਬਿਆਨ ਜਾਰੀ ਕਰਕੇ ਰੋਹਿਤ ਨੂੰ ਸੱਟ ਲੱਗਣ ਤੇ ਉਸ ਦੀ ਥਾਂ ਪ੍ਰਿਯਾਂਕ ਪਾਂਚਾਲ ਨੂੰ ਤਿੰਨ ਟੈਸਟ ਮੈਚਾਂ ਲਈ ਐਲਾਨੀ ਟੀਮ ’ਚ ਸ਼ਾਮਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਬੋਰਡ ਨੇ ਭਾਵੇਂ ਉਪ-ਕਪਤਾਨ ਲਈ ਨਾਂ ਦਾ ਐਲਾਨ ਨਹੀਂ ਕੀਤਾ, ਪਰ ਇਸ ਦੌੜ ਵਿੱਚ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਹੋਰਨਾਂ ਦਾਅਵੇਦਾਰਾਂ ਵਿੱਚ ਰਿਸ਼ਭ ਪੰਤ ਤੇ ਰਵੀਚੰਦਰਨ ਅਸ਼ਵਿਨ ਸ਼ਾਮਲ ਦੱਸੇ ਜਾਂਦੇ ਹਨ।