ਤਰਨ ਤਾਰਨ, 22 ਮਈ :
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲ਼ੋਂ “ਨੋਵਲ ਕਰੋਨਾ ਵਾਇਰਸ” ਦੀ ਰੋਕਥਾਮ ਲਈ ਸਮੇਂ-ਸਮੇਂ ਤੇ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਇਸ ਨੂੰ ਨੋਟੀਫਾਇਡ ਡਿਜਾਸਟਰ/ਅਪਾਤਕਾਲੀਨ ਸਥਿਤੀ ਵੀ ਘੋਸ਼ਿਤ ਕੀਤਾ ਜਾ ਚੁੱਕਾ ਹੈ।
ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੋਵਿਡ-19 ਦੀ ਰੋਕਥਾਮ ਲਈ ਜਾਰੀ ਹੁਕਮਾਂ ਅਨੁਸਾਰ ਕਿਸੇ ਵੀ ਵਿਅਕਤੀ ਲਈ ਕਿਸੇ ਜਨਤਕ ਸਥਾਨ ਗਲੀਆਂ, ਹਸਪਤਾਲ, ਦਫ਼ਤਰ ਮਾਰਕੀਟ ਆਦਿ ਵਿਚ ਜਾਣ ਸਮੇਂ ਸੂਤੀ ਕਪੜੇ ਦਾ ਮਾਸਕ ਜਾਂ ਟ੍ਰਿਪਲ ਲੇਅਰ ਮਾਸਕ ਪਾਉਣਾ ਜ਼ਰੂਰੀ ਹੋਵੇਗਾ।ਕਿਸੇ ਵੀ ਵਾਹਨ ਵਿਚ ਸਫਰ ਕਰ ਰਿਹਾ ਵਿਅਕਤੀ ਵੀ ਇਹ ਮਾਸਕ ਜਰੂਰ ਪਹਿਨੇਗਾ।ਕਿਸੇ ਵੀ ਦਫਤਰ/ਕੰਮ ਦੇ ਸਥਾਨ/ਕਾਰਖਾਨੇ ਆਦਿ ਵਿਚ ਕੰਮ ਕਰਨ ਵਾਲਾ ਹਰ ਵਿਅਕਤੀ ਵੀ ਉਪਰੋਕਤ ਦਰਸਾਏ ਅਨੁਸਾਰ ਮਾਸਕ ਪਹਿਨੇਗਾ।ਇਸ ਵਿਚ ਉਹ ਮਾਸਕ ਵੀ ਸ਼ਾਮਿਲ ਹੈ ਜੋ ਕਿ ਘਰ ਵਿਚ ਸੂਤੀ ਕੱਪੜੇ ਨਾਲ ਤਿਆਰ ਕੀਤਾ ਗਿਆ ਹੈ ਜਿਸਨੂੰ ਸਾਬਣ/ਡਿਟਰਜੈਂਟ ਨਾਲ ਚੰਗੀ ਤਰਾਂ ਧੋ ਕੇ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੋਵੇ।ਜੇਕਰ ਮਾਸਕ ਉਪਲੱਬਧ ਨਹੀਂ ਹੈ ਤਾਂ ਰੁਮਾਲ, ਦੁਪੱਟਾ, ਪਰਨਾ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉਪਰੋਕਤ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਤੇ  ਐਪਿਡੈਮਿਕ ਡਿਜ਼ੀਜ਼ ਐਕਟ 1897 ਦੇ ਰੂਲ 12 (9) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਮਾਸਕ ਨਹੀਂ ਪਹਿਨੇਗਾ ਤਾਂ ਉਸ ਨੂੰ 200 ਰੁਪਏ ਜੁਰਮਾਨਾ ਹੋਵੇਗਾ ਅਤੇ ਜੇਕਰ ਕੋਈ ਵਿਅਕਤੀ ਘਰ ਇਕਾਂਤਵਾਸ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ 500 ਰੁਪਏ ਜੁਰਮਾਨਾ ਅਤੇ ਜੇ ਕੋਈ ਵਿਅਕਤੀ ਜਨਤਕ ਥਾਂ ‘ਤੇ ਥੁੱਕੇਗਾ ਤਾਂ ਉਸ ਨੂੰ 100 ਰੁਪਏ ਜੁਰਮਾਨਾ ਹੋਵੇਗਾ।
ਇਹ ਹੁਕਮ ਉਹ ਸਾਰੇ ਅਧਿਕਾਰੀ ਜੋ ਬੀ. ਡੀ. ਪੀ. ਓ., ਨਾਇਬ ਤਹਿਸੀਲਦਾਰ ਅਤੇ ਪੁਲਿਸ ਵਿਭਾਗ ਦੇ ਏ. ਐੱਸ. ਆਈ. ਦੇ ਅਹੁਦੇ ਤੋਂ ਘੱਟ ਨਾ ਹੋਣ ਅਤੇ ਉਹ ਸਾਰੇ ਅਧਿਕਾਰੀ ਜੋ ਸ਼ਹਿਰੀ ਸਥਾਨਕ ਸੰਸਥਾਵਾਂ ਜਾਂ ਮਿਊਸਪਲ ਕਾਰਪੋਰੇਸ਼ਨ, ਨਗਰ ਕੌਸਲ, ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਅਧਿਕਾਰਿਤ ਕੀਤੇ ਹੋਣ ਵਲੋਂ ਲਾਗੂ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ।