ਨਵੀਂ ਦਿੱਲੀ, 10 ਦਸੰਬਰ
ਕੇਂਦਰ ਸਰਕਾਰ ਨੇ ਕਰੋਨਾ ਦੇ ਦੌਰ ਵਿੱਚ ਦੇਸ਼ ਵਿੱਚ ਮਾਸਕ ਦੀ ਘਟਦੀ ਜਾ ਰਹੀ ਵਰਤੋਂ ’ਤੇ ਚਿੰਤਾ ਜਤਾਈ ਹੈ। ਕਰੋਨਾ ਦਾ ਨਵਾਂ ਸਰੂਪ ਓਮੀਕਰੋਨ ਵੀ ਹਾਲ ਹੀ ਵਿੱਚ ਹੋਂਦ ਵਿੱਚ ਆਇਆ ਹੈ ਤੇ ਸਰਕਾਰ ਨੇ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਅਤੇ ਟੀਕਾਕਰਨ ’ਤੇ ਜ਼ੋਰ ਦਿੱਤਾ ਹੈ। ਨੀਤੀ ਆਯੋਗ ਮੈਂਬਰ (ਸਿਹਤ) ਡਾ. ਵੀ. ਕੇ. ਪੌਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਸਕ ਨਾ ਪਹਿਨਣ ਕਾਰਨ ਲੋਕ ‘ਖ਼ਤਰਨਾਕ ਜ਼ੋਨ’ ਵਿੱਚ ਦਾਖਲ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਰੋਕਥਾਮ ਲਈ ਵੈਕਸੀਨ ਤੇ ਮਾਸਕ ਦੋਵੇਂ ਜ਼ਰੂਰੀ ਹਨ ਤੇ ਲੋਕਾਂ ਨੂੰ ਕਰੋਨਾ ਦੇ ਵਿਸ਼ਵ-ਪੱਧਰੀ ਹਾਲਾਤ ਤੋਂ ਸਿੱਖਿਆ ਲੈਣੀ ਚਾਹੀਦੀ ਹੈ।