ਮਾਲੇ:ਮਾਲਦੀਵ ਦੀ ਰਾਜਧਾਨੀ ’ਚ ਇਕ ਗੈਰੇਜ ਨੂੰ ਅੱਗ ਲੱਗਣ ਕਾਰਨ ਉਪਰਲੀ ਮੰਜ਼ਿਲ ’ਤੇ ਰਹਿੰਦੇ ਅੱਠ ਭਾਰਤੀਆਂ ਸਮੇਤ 10 ਪਰਵਾਸੀ ਕਾਮਿਆਂ ਦੀ ਮੌਤ ਹੋ ਗਈ। ਭਾਰਤੀ ਹਾਈ ਕਮਿਸ਼ਨ ਦੇ ਭਲਾਈ ਅਫ਼ਸਰ ਰਾਮਧੀਰ ਸਿੰਘ ਨੇ ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਾਕੀ ਦੋ ਮ੍ਰਿਤਕਾਂ ਦੇ ਮੁਲਕਾਂ ਦਾ ਪਤਾ ਲਾਇਆ ਜਾ ਰਿਹਾ ਹੈ। ਸਨਆਨਲਾਈਨ ਇੰਟਰਨੈਸ਼ਨਲ ਨਿਊਜ਼ ਪੋਰਟਲ ਮੁਤਾਬਕ ਅੱਗ ਮਾਵੇਯੋ ਮਸਜਿਦ ਨੇੜੇ ਐੱਮ ਨਿਰੂਫੇਹੀ ਇਲਾਕੇ ’ਚ ਅੱਧੀ ਰਾਤ ਤੋਂ ਬਾਅਦ ਸਾਢੇ 12 ਵਜੇ ਲੱਗੀ ਸੀ। ਇਸ ਤੋਂ ਪਹਿਲਾਂ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕਰਕੇ ਕਿਹਾ ਕਿ ਮਾਲੇ ’ਚ ਵਾਪਰੀ ਘਟਨਾ ਦਾ ਡੂੰਘਾ ਅਫ਼ਸੋਸ ਹੈ। ਉਨ੍ਹਾਂ ਕਿਹਾ ਕਿ ਉਹ ਮਾਲਦੀਵ ਦੇ ਅਧਿਕਾਰੀਆਂ ਦੇ ਸੰਪਰਕ ’ਚ ਹਨ। ਰਿਪੋਰਟ ਮੁਤਾਬਕ ਕੁਆਰਟਰਾਂ ’ਚ ਸਿਰਫ਼ ਇਕੋ ਬਾਰੀ ਸੀ। ਮਾਲਦੀਵ ਦੇ ਅੱਗ ਬੁਝਾਊ ਦਸਤੇ ਅਤੇ ਰਾਹਤ ਸੇਵਾਵਾਂ ਨੇ ਦੱਸਿਆ ਕਿ ਇਮਾਰਤ ’ਚੋਂ 28 ਵਿਅਕਤੀਆਂ ਨੂੰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਸੱਤ ਦੀ ਮੌਤ ਹੋ ਚੁੱਕੀ ਸੀ ਜਦਕਿ ਦੋ ਨੂੰ ਇੰਦਰਾ ਗਾਂਧੀ ਮੈਮੋਰੀਅਲ ਹਸਪਤਾਲ ’ਚ ਗੰਭੀਰ ਹਾਲਤ ’ਚ ਲਿਜਾਇਆ ਗਿਆ। ਅੱਗ ਤੜਕੇ 4 ਵਜ ਕੇ 34 ਮਿੰਟ ’ਤੇ ਬੁਝਾ ਲਈ ਗਈ ਸੀ। ਗੈਰਾਜ ’ਚ ਦੋ ਮਹੀਨੇ ਪਹਿਲਾਂ ਵੀ ਅੱਗ ਲੱਗੀ ਸੀ।