ਸੋਚੀ: ਬੈਲਜੀਅਮ ਦੇ ਕੋਚ ਰੌਬਰਟੋ ਮਾਰਟਿਨੇਜ਼ ਨੇ ਕਿਹਾ ਕਿ ਉਹ ਇਸ ਗੱਲ ਤੋਂ ਚਿੰਤਿਤ ਹੈ ਕਿ ਵਿਰੋਧੀ ਟੀਮ ਦੇ ਡਿਫੈਂਡਰ ਉਸ ਦੇ ਕਪਤਾਨ ਈਡਨ ਹਜ਼ਾਰਡ ਨੂੰ ਨਿਸ਼ਾਨਾ ਬਣਾ ਸਕਦੇ ਹਨ। ਬੈਲਜੀਅਮ ਨੇ ਸੋਮਵਾਰ ਨੂੰ ਆਪਣੇ ਪਹਿਲੇ ਮੁਕਾਬਲੇ ਵਿੱਚ ਟੂਰਨਾਮੈਂਟ ਦੀ ਨਵੀਂ ਟੀਮ ਪਨਾਮਾ ਨੂੰ 3-0 ਗੋਲਾਂ ਨਾਲ ਹਰਾਇਆ ਹੈ। ਡਰਾਇਜ਼ ਮਰਟੈਨਜ਼ ਨੇ ਬੈਲਜੀਅਮ ਨੂੰ ਪਹਿਲੀ ਸਫਲਤਾ ਦਿਵਾਈ ਸੀ। ਇਸ ਮਗਰੋਂ ਲੁਕਾਕੂ ਨੇ ਕੇਵਿਨ ਡਿ ਬਰੂਨ ਅਤੇ ਹਜ਼ਾਰਡ ਦੀ ਮਦਦ ਨਾਲ ਦੋ ਗੋਲ ਕਰਕੇ ਗਰੁੱਪ ‘ਜੀ’ ਦੇ ਇਸ ਮੁਕਾਬਲੇ ਵਿੱਚ ਜਿੱਤ ਪੱਕੀ ਕੀਤੀ। ਮੈਚ ਦੌਰਾਨ ਜਾਂਬੀਆ ਦੇ ਰੈਫਰੀ ਜਾਨਨੇ ਸਿਕਾਜ਼ਵੇ ਨੇ ਪਨਾਮਾ ਦੇ ਪੰਜ ਖਿਡਾਰੀਆਂ ਨੂੰ ਪੀਲਾ ਕਾਰਡ ਵਿਖਾਇਆ। ਮਾਰਟਿਨੇਜ਼ ਨੇ ਕਿਹਾ, ‘‘ਇਹ ਚਿੰਤਾ ਦੀ ਗੱਲ ਹੈ, ਕਿਉਂਕਿ ਹਜ਼ਾਰਡ ਨੂੰ ਇਸ ਤਰ੍ਹਾਂ ਰੋਕਣ ਦੀ ਕੋਸ਼ਿਸ਼ ਵਿੱਚ ਉਹ ਜ਼ਖ਼ਮੀ ਹੋ ਸਕਦਾ ਹੈ।’’ ਬੈਲਜੀਅਮ ਵਿੱਚ ਹਾਰਨ ਮਗਰੋਂ ਪਨਾਮਾ ਦੇ ਕੋਚ ਹਰਨਾਨ ਡਾਰੀਓ ਗੋਮੇਜ਼ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਉਨ੍ਹਾਂ ਦੇ ਖਿਡਾਰੀਆਂ ਨੇ ਕੋਈ ਹਮਲਾ ਕੀਤਾ।