ਨਵੀਂ ਦਿੱਲੀ—ਤੇਜ਼ ਗੇਂਦਬਾਜ਼ ਮਾਰਕ ਵੁਡ ਨੇ ਕਿਹਾ ਕਿ ਤੀਜੇ ਅਤੇ ਆਖਰੀ ਵਨ ਡੇ ਮੈਚ ‘ਚ ਜਿੱਤ ਦਰਜ ਕਰਨ ਲਈ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਭਾਰਤ ਦੇ ਸਪਿਨਰ ਕੁਲਦੀਪ ਯਾਦਵ ਨੂੰ ਸ਼ੁਰੂਆਤੀ ਵਿਕਟ ਲੈਣ ‘ਤੋਂ ਰੋਕਣਾ ਹੋਵੇਗਾ। ਯਾਦਵ ਨੇ ਹਜੇ ਤੱਕ ਦੋ ਮੈਚਾਂ ‘ਚ 9 ਵਿਕਟਾਂ ਲਈਆਂ ਹਨ। ਪਹਿਲੇ ਮੈਚ ‘ਚ 6 ਵਿਕਟਾਂ ਲੈਣ ਦੇ ਬਾਅਦ ਉਨ੍ਹਾਂ ਨੇ ਦੂਜੇ ਵਨ ਡੇ ‘ਚ 6 ਵਿਕਟਾਂ ਝਟਕਾਈਆਂ।
ਵੁਡ ਨੇ ਕਿਹਾ,’ ਦੂਜੇ ਮੈਚ ‘ਚ ਅਸੀਂ ਉਸਦੇ ਖਿਲਾਫ ਚੰਗੀ ਬੱਲੇਬਾਜ਼ੀ ਕੀਤੀ। ਉਸ ਨੇ ਵਿਕਟਾਂ ਲਈਆਂ ਪਰ ਅਸੀਂ ਉਸਦੀਆਂ ਗੇਂਦਾਂ ‘ਤੇ ਦੌੜਾਂ ਬਣਾ ਕੇ ਉਸ ‘ਤੇ ਦਬਾਅ ਬਣਾਇਆ।’ਉਨ੍ਹਾਂ ਨੇ ਕਿਹਾ,’ ਉਸਨੂੰ ਪਹਿਲੇ ਓਵਰ ‘ਚ ਹੀ ਵਿਕਟ ਮਿਲ ਜਾਂਦੇ ਹਨ ਜਿਸ ਨਾਲ ਉਸਦਾ ਆਤਮਵਿਸ਼ਵਾਸ ਵਧ ਜਾਂਦਾ ਹੈ। ਸਾਨੂੰ ਉਸ ਨੂੰ ਅਜਿਹਾ ਕਰਨ ਤੋਂ ਰੋਕਣਾ ਹੋਵੇਗਾ ਤਾਂਕਿ ਉਹ ਦਬਾਅ ਨਾ ਬਣਾ ਸਕੇ।’ ਵੁਡ ਨੇ ਕਿਹਾ ਕਿ ਆਖਰੀ ਮੈਚ ਨੂੰ ਉਨ੍ਹਾਂ ਦੀ ਟੀਮ ਵਿਸ਼ਵ ਕੱਪ ਸੈਮੀਫਾਈਨਲ ਦੀ ਤਰ੍ਹਾਂ ਲਵੇਗੀ ਤਾਂਕਿ ਦਬਾਅ ਦਾ ਸਾਹਮਣਾ ਕਰਨ ਦੀ ਆਦਤ ਪੈ ਸਕੇ।
ਉਨ੍ਹਾਂ ਨੇ ਕਿਹਾ,’ਪਹਿਲੇ ਮੈਚ ਤੋਂ ਬਾਅਦ ਨਿਰਾਸ਼ਾ ਸੀ ਪਰ ਸਾਨੂੰ ਪਤਾ ਸੀ ਕਿ ਦੂਜੇ ਮੈਚ ‘ਚ ਕੀ ਕਰਨਾ ਹੈ। ਅਸੀਂ ਚੰਗੀ ਜਿੱਤ ਦਰਜ ਕੀਤੀ। ਅਸੀਂ ਹੁਣ ਮੈਚ ਨੂੰ ਸੈਮੀਫਾਈਨਲ ਜਾਂ ਫਾਈਨਲ ਦੀ ਤਰ੍ਹਾਂ ਲਵਾਂਗੇ। ਇਕ ਅਜਿਹਾ ਮੈਚ ਜਿਸ ਨੂੰ ਹਾਰ ਹਾਲ ‘ਚ ਜਿੱਤਣਾ ਹੈ। ਅਸੀਂ ਪਿਛਲੇ ਸਾਲ ਅਜਿਹੇ ਹਾਲਾਤਾ ਦਾ ਬਾਖੂਬੀ ਸਾਹਮਣਾ ਕੀਤਾ ਹੈ ਅਤੇ ਅੱਜ ਵੀ ਕਰਾਂਗੇ।