ਸਹੁੰ ਚੁੱਕ ਸਮਾਗਮ ਸਵੇਰੇ 11 ਵਜੇ ਰਿਡੋ ਹਾਲ ਬਾਲਰੂਮ ਵਿਖੇ ਹੋਵੇਗਾ

ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਚੁਣੇ ਗਏ ਮਾਰਕ ਕਾਰਨੀ ਦੇ ਸਹੁੰ ਚੁੱਕ ਸਮਾਗਮ ਸਬੰਧੀ ਇਕ ਵੱਡੀ ਅਪਡੇਟ ਆਈ ਹੈ। ਰਿਪੋਰਟਾਂ ਅਨੁਸਾਰ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਸ਼ੁੱਕਰਵਾਰ (14 ਮਾਰਚ) ਨੂੰ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਨੇ ਐਤਵਾਰ ਨੂੰ ਲਿਬਰਲ ਪਾਰਟੀ ਦੇ ਨੇਤਾ ਵਜੋਂ ਜਿੱਤ ਹਾਸਲ ਕੀਤੀ ਸੀ। ਇਸ ਮਾਮਲੇ ਵਿਚ ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਦੇ ਦਫ਼ਤਰ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਸਵੇਰੇ 11 ਵਜੇ ਰਿਡੋ ਹਾਲ ਬਾਲਰੂਮ ਵਿਖੇ ਹੋਵੇਗਾ।

ਮੀਡੀਆ ਰਿਪੋਰਟਾਂ ਮੁਤਾਬਕ ਟਰੂਡੋ ਸ਼ੁੱਕਰਵਾਰ ਨੂੰ ਗਵਰਨਰ ਜਨਰਲ ਨੂੰ ਮਿਲ ਸਕਦੇ ਹਨ ਅਤੇ ਅਧਿਕਾਰਤ ਤੌਰ ’ਤੇ ਅਪਣਾ ਅਸਤੀਫ਼ਾ ਸੌਂਪ ਸਕਦੇ ਹਨ। ਇਸ ਤੋਂ ਬਾਅਦ ਕਾਰਨੀ ਸਹੁੰ ਚੁਕਣਗੇ। ਉਹ ਅਪਣੀ ਨਵੀਂ ਕੈਬਨਿਟ ਦਾ ਐਲਾਨ ਵੀ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਰਨੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਸੀ। ਤਬਦੀਲੀ ਦੀ ਮਿਆਦ ਬਾਰੇ ਵੀ ਚਰਚਾ ਕੀਤੀ। 59 ਸਾਲਾ ਕਾਰਨੀ ਨੇ ਕਿਹਾ ਕਿ ਸੱਤਾ ਦਾ ਤਬਾਦਲਾ ਸੁਚਾਰੂ ਅਤੇ ਤੇਜ਼ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਸੱਤਾ ਦੇ ਤਬਾਦਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ’ਤੇ ਜ਼ੋਰ ਦਿਤਾ।