ਬਠਿੰਡਾ, 7 ਜਨਵਰੀ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਕਥਿਤ ਤੌਰ ’ਤੇ ਉਨ੍ਹਾਂ ਦੀ ਸੁਰੱਖਿਆ ’ਚ ਲਾਪ੍ਰਵਾਹੀ ਵਰਤੇ ਜਾਣ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਵੱਲੋਂ ਬਠਿੰਡਾ ਦੇ ਐੱਸਐੱਸਪੀ ਅਜੈ ਮਲੂਜਾ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਇਕ ਦਿਨ ਦੇ ਅੰਦਰ ਮਤਲਬ 8 ਜਨਵਰੀ ਸ਼ਾਮ 5 ਵਜੇ ਤੱਕ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਤਿੱਖੇ ਸ਼ਬਦਾਂ ਵਾਲੇ ਇਸ ਪੱਤਰ ਦੀ ਇੱਕ ਕਾਪੀ ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਹੈ।
ਜ਼ਿਕਰਯੋਗ ਹੈ ਕਿ ਅੱਜ ਕੇਂਦਰ ਦੀ ਤਿੰਨ ਮੈਂਬਰੀ ਟੀਮ ਕੇਂਦਰੀ ਸੁਰੱਖਿਆ ਸਕੱਤਰ ਸੁਧੀਰ ਕੁਮਾਰ ਸਕਸੈਨਾ ਦੀ ਅਗਵਾਈ ਹੇਠ ਅੱਜ ਘਟਨਾ ਸਥਾਨ ਦਾ ਦੌਰਾ ਕਰਨ ਲਈ ਪੰਜਾਬ ਪੁੱਜੀ। ਇਸੇ ਦੌਰਾਨ ਭਾਰਤ ਸਰਕਾਰ ਦੀ ਉਪ ਸਕੱਤਰ ਅਰਚਨਾ ਵਰਮਾ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਸੁਰੱਖਿਆ ਵਿੱਚ ਹੋਈ ਕੁਤਾਹੀ ਦਾ ਸਖ਼ਤ ਨੋਟਿਸ ਲੈਂਦਿਆਂ ਐੱਸਐੱਸਪੀ ਨੂੰ ਜਾਰੀ ਨੋਟਿਸ ਰਾਹੀਂ ਕਿਹਾ ਗਿਆ ਹੈ, ‘‘ਕਿਉਂ ਨਾ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾਵੇ।’’ ਇਸ ਤੋਂ ਇਲਾਵਾ ਇਕ ਹੋਰ ਪੱਤਰ ਰਾਹੀਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਨੂੰ ਵੀ ਤਲਬ ਕੀਤਾ ਗਿਆ ਹੈ।