ਚੰਡੀਗੜ੍ਹ, 2 ਮਈ
ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਮੰਗਲਵਾਰ ਤੋਂ ਬਦਲ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਕਦਮ ਨਾਲ ਨਾ ਸਿਰਫ ਬਿਜਲੀ ਦੀ ਬੱਚਤ ਹੋਵੇਗੀ, ਸਗੋਂ ਹੋਰ ਵੀ ਕਈ ਫਾਇਦੇ ਹੋਣਗੇ। ਅੱਜ ਸਵੇਰੇ 7.28 ਵਜੇ ਆਪਣੇ ਮੁਲਾਜ਼ਮਾਂ ਨਾਲ ਸਿਵਲ ਸਕੱਤਰੇਤ ਪੁੱਜੇ ਸ੍ਰੀ ਮਾਨ ਨੇ ਦੱਸਿਆ ਕਿ ਦਫ਼ਤਰਾਂ ਦਾ ਇਹ ਨਵਾਂ ਸਮਾਂ 15 ਜੁਲਾਈ ਤੱਕ ਲਾਗੂ ਰਹੇਗਾ ਅਤੇ ਇਸ ਨਾਲ ਢਾਈ ਮਹੀਨਿਆਂ ਵਿੱਚ ਕਰੀਬ 40-42 ਕਰੋੜ ਰੁਪਏ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਤੋਂ ਸਾਰੇ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲੱਗਣਗੇ। ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਸਮੇਤ ਕਈ ਮੰਤਰੀ ਵੀ ਨਵੇਂ ਸਮੇਂ ਅਨੁਸਾਰ ਆਪਣੇ ਦਫ਼ਤਰ ਪੁੱਜੇ।