ਮਾਨਸਾ, 2 ਦਸੰਬਰ
ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੱਕ ਪੁੱਜੇ ਕਿਸਾਨਾਂ ‘ਚੋਂ ਮਾਨਸਾ ਜ਼ਿਲ੍ਹੇ ਦੇ ਕਿਸਾਨ ਗੁਰਜੰਟ ਸਿੰਘ (58) ਪਿੰਡ ਬੱਛੋਆਣਾ ਦੀ ਮੌਤ ਹੋ ਗਈ ਹੈ। ਉਹ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨਾਲ ਵਰਕਰ ਵਜੋਂ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ। ਮ੍ਰਿਤਕ ਕਿਸਾਨ ਦੇ ਪਰਿਵਾਰ ਵਿੱਚ ਵਿਧਵਾ ਤੋਂ ਇਲਾਵਾ ਦੋ ਬੇਟੇ ਤੇ ਇੱਕ ਬੇਟੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਹਵਾਲੇ ਨਾਲ ਭੇਜੀ ਸੂਚਨਾ ਅਨੁਸਾਰ ਗੁਰਜੰਟ ਸਿੰਘ ਕੱਲ੍ਹ ਸ਼ਾਮ ਨੂੰ ਧਰਨੇ ਦੌਰਾਨ ਬਿਮਾਰ ਹੋ ਗਿਆ ਸੀ, ਜਿਸ ਨੂੰ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਅਤੇ ਅੱਜ ਉਸਦੀ ਹਾਲਤ ਵਿਗੜਨ ਤੋਂ ਬਾਅਦ ਬਹਾਦਰਗੜ੍ਹ ਦੇ ਡਾਕਟਰਾਂ ਵੱਲੋਂ ਪੀਜੀਆਈ ਰੋਹਤਕ ਲਈ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਿਉਂ ਹੀ ਕਿਸਾਨ ਰੋਹਤਕ ਪੀਜੀਆਈ ਪਹੁੰਚਿਆ ਤਾਂ ਉਸ ਦੇ ਅਜੇ ਮੈਡੀਕਲ ਨਮੂਨੇ ਹੀ ਲਏ ਜਾ ਰਹੇ ਸਨ ਕਿ ਇਸ ਦੌਰਾਨ ਉਸ ਦੀ ਮੌਤ ਹੋ ਗਈ। ਜਥੇਬੰਦੀ ਵੱਲੋਂ ਉਸ ਦੀ ਦੇਹ ਨੂੰ ਰੋਹਤਕ ਦੇ ਸਿਵਲ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਹੈ ਅਤੇ ਸਰਕਾਰ ਸਾਹਮਣੇ ਸ਼ਰਤਾਂ ਤਹਿਤ ਅੰਤਿਮ ਸੰਸਕਾਰ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਗੁਰਜੰਟ ਸਿੰਘ ਜਥੇਬੰਦੀ ਵੱਲੋਂ ਦਿੱਲੀ ਅੰਦੋਲਨ ਦਾ ਸ਼ਹੀਦ ਐਲਾਨਿਆ ਗਿਆ ਹੈ। ਕਿਸਾਨ ਆਗੂ ਨੇ ਦੱਸਿਆ ਕਿ ਮ੍ਰਿਤਕ ਕਿਸਾਨ 5 ਏਕੜ ਜ਼ਮੀਨ ਦਾ ਮਾਲਕ ਹੈ ਅਤੇ ਜਥੇਬੰਦੀ ਦੇ ਹਰ ਅੰਦੋਲਨ ਵਿੱਚ ਸਰਗਰਮੀ ਨਾਲ ਲੰਬੇ ਸਮੇਂ ਤੋਂ ਭਾਗ ਲੈਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਸਸਕਾਰ ਲਈ 10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਅਤੇ ਸਰਕਾਰੀ/ਪ੍ਰਾਈਵੇਟ ਕਰਜ਼ੇ ‘ਤੇ ਲੀਕ ਫੇਰਨ ਦੀ ਮੰਗ ਕੀਤੀ ਗਈ ਹੈ।
ਮਾਨਸਾ ਜ਼ਿਲ੍ਹੇ ਦੇ ਦੂਜੇ ਕਿਸਾਨ ਦੀ ਮੌਤ
ਗੁਰਜੰਟ ਸਿੰਘ ਦੀ ਮੌਤ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਇੱਕ ਹੋਰ ਕਿਸਾਨ ਧੰਨਾ ਸਿੰਘ ਚਾਹਲ ਦੀ ਦਿੱਲੀ ਜਾਂਦਿਆਂ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਜਿਸ ਦਾ ਸਬੰਧ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨਾਲ ਸੀ। ਧੰਨਾ ਸਿੰਘ ਚਾਹਲ ਨਮਿੱਤ ਸ਼ਰਧਾਂਜਲੀ ਸਮਾਗਮ 6 ਦਸੰਬਰ 2020 ਨੂੰ ਪਿੰਡ ਚਹਿਲਾਂਵਾਲੀ ਖ਼ਿਆਲੀ ਵਿਖੇ ਹੋਵੇਗਾ।
ਚੌਥੇ ਦਿਨ ਵੀ ਨਾ ਹੋ ਸਕਿਆ ਕੋਈ ਫੈਸਲਾ
ਟੀਕਰੀ ਧਰਨੇ ਨੇੜੇ ਖੜੀ ਕਾਰ ਵਿੱਚ ਜਿਉਂਦੇ ਸੜੇ ਜਨਕ ਰਾਜ ਦੇ ਅੰਤਿਮ ਸੰਸਕਾਰ ਸਬੰਧੀ ਕੋਈ ਸਮਝੌਤਾ ਸਿਰੇ ਨਾ ਚੜ੍ਹਨ ਕਰਕੇ ਅੱਜ ਚੌਥੇ ਦਿਨ ਵੀ ਉਸ ਦਾ ਸਸਕਾਰ ਨਹੀਂ ਹੋ ਸਕਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਨਕ ਰਾਜ ਦੀ ਦੇਹ ਅਜੇ ਵੀ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਵਿਖੇ ਰੱਖੀ ਹੋਈ ਹੈ ਅਤੇ ਜਥੇਬੰਦੀ ਨੇ ਦੁਹਰਾਇਆ ਕਿ ਜਨਕ ਰਾਜ ਦਾ ਸਸਕਾਰ ਰੱਖੀਆਂ ਮੰਗਾਂ ਤੋਂ ਬਿਨਾਂ ਬਿਲਕੁਲ ਨਹੀਂ ਕੀਤਾ ਜਾਵੇਗਾ।