ਮਾਨਸਾ, 2 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੁਆਰਾ ਅੱਜ ਦਿੱਲੀ ਨੂੰ ਜਾਂਦੇ ਸਾਰੇ ਰੇਲ ਮਾਰਗ ਜਾਮ ਕਰ ਦਿੱਤੇ। ਮਾਨਸਾ ਦੀਆਂ ਰੇਲ ਪਟੜੀਆਂ ਉਤੇ ਲਗਾਤਾਰ ਦੂਸਰੇ ਦਿਨ 31 ਕਿਸਾਨ ਜਥੇਬੰਦੀਆਂ ਵੱਲੋਂ ਦਿਨ-ਰਾਤ ਦਾ ਧਰਨਾ ਦੇਕੇ ਮੋਦੀ ਹਕੂਮਤ ਵਿਰੁੱਧ ਮੁਰਦਾਬਾਦ ਕੀਤੀ ਗਈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਕਿਸਾਨਾਂ ਦੀ ਬਰਬਾਦੀ ਵਾਲੇ ਕਾਨੂੰਨ ਤੁਰੰਤ ਰੱਦ ਕਰੇ ।ਜਥੇਬੰਦੀ ਨੇ ਮੰਚ ਤੋਂ ਐਲਾਨ ਕੀਤਾ ਕਿ ਮਾਨਸਾ ਵਰਗੇ ਰੇਲ ਪਟੜੀਆਂ ‘ਤੇ ਧਰਨੇ ਪੰਜਾਬ ਦੇ ਵੱਖ-ਵੱਖ ਰੇਲਵੇ ਲਾਈਨਾਂ ਉਤੇ ਲਾਏ ਹੋਏ ਹਨ, ਜਿਸ ਲਈ ਜਥੇਬੰਦੀਆਂ ਅੜੀਆਂ ਹੋਈਆਂ ਕਿ ਖੇਤੀ ਬਿਲਾਂ ਸਬੰਧੀ ਹੋਈਆਂ ਧੱਕੇਸ਼ਾਹੀਆਂ ਨੂੰ ਹੁਣ ਰੱਦ ਕਰਵਾਕੇ ਹੀ ਦਮ ਲਿਆ ਜਾਵੇਗਾ। ਇਸ ਮੌਕੇ ਹਰਦੇਵ ਸਿੰਘ ਅਰਸ਼ੀ, ਗੋਰਾ ਸਿੰਘ ਭੈਣੀ ਬਾਘਾ,ਬੋਘ ਸਿੰਘ, ਮਨਜੀਤ ਸਿੰਘ ਧਨੇਰ, ਨਿਰਮਲ ਸਿੰਘ ਝੰਡੂਕੇ, ਮੇਜ਼ਰ ਸਿੰਘ ਦੂਲੋਵਾਲ, ਭਜਨ ਸਿੰਘ ਘੁੰਮਣ, ਕੁਲਦੀਪ ਸਿੰਘ ਚੱਕਭਾਈਕੇ , ਮਲੂਕ ਸਿੰਘ ਹੀਰਕੇ ਨੇ ਸੰਬੋਧਨ ਕੀਤਾ।