ਮਾਨਸਾ, 2 ਮਈ

ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਬੇਅਦਬੀ ਕਰਨ ਵਾਲੇ ਜਸਵੀਰ ਸਿੰਘ ਦੀ ਬੀਤੀ ਦੇਰ ਰਾਤ ਇਥੇ ਸਿਵਲ ਹਸਪਤਾਲ ਵਿਖੇ ਮੌਤ ਹੋਣ ਤੋਂ ਪਿਛੋਂ ਅੱਜ ਬਾਅਦ ਦੁਪਹਿਰ ਤੱਕ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਉਸ ਦੀ ਦੇਹ ਲੈਣ ਲਈ ਸਿਵਲ ਹਸਪਤਾਲ ਨਹੀਂ ਪੁੱਜਿਆ ਹੈ। ਉਂਝ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਉਸ ਦੀ ਦੇਹ ਨੂੰ ਰਾਤ ਦਾ ਹੀ ਇਥੇ ਮੁਰਦਾ ਘਰ ਵਿਚ ਰੱਖਿਆ ਹੋਇਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਉਸ ਦਾ ਪੋਸਟਮਾਰਟਮ ਪਟਿਆਲਾ ਵਿਖੇ ਤਿੰਨ ਤਿੰਨ ਡਾਕਟਰਾਂ ਦੇ ਪੈਨਲ ਕੀਤਾ ਜਾਵੇਗਾ। ਮੌਤ ਤੋਂ ਪਹਿਲਾਂ ਉਸ ਨੇ ਮਾਨਸਾ ਦੀ ਜੇਲ੍ਹ ਵਿੱਚ ਪੇਟ ਦਰਦ ਅਤੇ ਛਾਤੀ ਦੀ ਤਕਲੀਫ਼ ਸਬੰਧੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ, ਜਿਨ੍ਹਾਂ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਪਰ ਹਾਲਤ ਕ਼ਾਬੂ ਹੇਠ ਆਉਣ ਦੀ ਥਾਂ, ਸਗੋਂ ਵਿਗੜਦੇ ਹੀ ਗਏ। ਬਾਅਦ ਵਿਚ ਤਕਰੀਬਨ ਸਾਢੇ ਨੌਂ ਵਜੇ ਉਸ ਦੀ ਡਾਕਟਰਾਂ ਵਲੋਂ ਮੌਤ ਹੋ ਗਈ। ਇਸੇ ਦੌਰਾਨ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ ਲਾਸ਼ ਲੈਣ ਲਈ ਪਰਿਵਾਰ ਵਲੋਂ ਪੁਲੀਸ ਨਾਲ ਤਾਲਮੇਲ ਨਹੀਂ ਕੀਤਾ ਗਿਆ ਹੈ। ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਦੀ ਮੌਤ ਛਾਤੀ ਵਿਚ ਦਰਦ ਹੋਣ ਨਾਲ ਹੋਈ ਦੱਸੀ ਜਾਂਦੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ। ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਰਘਵੀਰ ਸਿੰਘ ਨੇ ਜਸਵੀਰ ਸਿੰਘ ਦੀ ਮੌਤ ਸਬੰਧੀ ਪੜਤਾਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਉਸ ਵਲੋਂ ਕੀਤੀ ਬੇਅਦਬੀ ਦੀ ਜਾਂਚ ਵੀ ਜਨਤਕ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਸਕੇ।