ਜਲੰਧਰ, 12 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੇ ਬਰਖ਼ਾਸਤ ਇੰਸਪੈਕਟਰ ਨਵਦੀਪ ਸਿੰਘ ’ਤੇ ਦੋਸ਼ ਲਾਇਆ ਕਿ ਉਸ ਨੇ ਏਸੀਪੀ (ਕੇਂਦਰੀ) ਤੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨਾਲ ਮਿਲ ਕੇ ਮਾਨਵਜੀਤ ਸਿੰਘ ਢਿੱਲੋਂ ਦੀ ਲਾਸ਼ ਦਾ ਨਿਪਟਾਰਾ ਕਰਨ ਸਮੇਤ ਸਬੂਤ ਖੁਰਦ-ਬੁਰਦ ਕਰ ਦਿੱਤੇ ਹਨ।
ਇੱਥੇ ਅੱਜ ਦੋਵੇਂ ਢਿੱਲੋਂ ਭਰਾਵਾਂ ਮਾਨਵ ਤੇ ਜਸ਼ਨ ਦੇ ਪਿਤਾ ਜਤਿੰਦਰਪਾਲ ਸਿੰਘ ਢਿੱਲੋਂ ਨਾਲ ਮਿਲ ਕੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਦੀਪ ਗੋਇੰਦਵਾਲ ਸਾਹਿਬ ਵਿੱਚ ਬਿਆਸ ਦਰਿਆ ਕੰਢੇ ਗਿਆ ਸੀ, ਜਿੱਥੇ ਮਾਨਵ ਦੀ ਮ੍ਰਿਤਕ ਦੇਹ ਬਾਹਰ ਕੱਢੀ ਗਈ ਸੀ। ਫਿਰ ਕੇਸ ਦੇ ਸਬੂਤ ਮਿਟਾਉਣ ਵਾਸਤੇ ਉਸ ਨੂੰ ਕਥਿਤ ਤੌਰ ’ਤੇ ਟਿਕਾਣੇ ਲਗਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਤੇ ਉਨ੍ਹਾਂ ਦਾ ਪੀਏ ਕੇਸ ਵਿੱਚ ਸ਼ਾਮਲ ਹਨ ਕਿਉਂਕਿ ਉਹ ਬਰਖ਼ਾਸਤ ਇੰਸਪੈਕਟਰ ਦੇ ਕਾਰੋਬਾਰੀ ਭਾਈਵਾਲ ਹਨ ਅਤੇ ਉਸ ਦੀਆਂ ਸਾਰੀਆਂ ਕਥਿਤ ਗ਼ੈਰ-ਕਾਨੂੰਨੀ ਗਤੀਵਿਧੀਆਂ ਤੋਂ ਫ਼ਾਇਦਾ ਲੈਂਦੇ ਹਨ। ਪੀੜਤਾਂ ਦੇ ਪਿਤਾ ਜਤਿੰਦਰਪਾਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਨੂੰ ਢਿੱਲੋਂ ਪਰਿਵਾਰ ਦੀ ਤਕਲੀਫ਼ ਮਹਿਸੂਸ ਕਿਉਂ ਨਹੀਂ ਹੁੰਦੀ ਤੇ ਉਹ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਵੀ ਨਹੀਂ ਪੁੱਜੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੱਲ੍ਹ ਜਲੰਧਰ ਵੀ ਆਏ ਸਨ ਪਰ ਉਨ੍ਹਾਂ ਦੇ ਪਰਿਵਾਰ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਨਵਦੀਪ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਹੈ।
ਜਤਿੰਦਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਿਆਸ ਦਰਿਆ ਨਾਲ ਲੱਗਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਵੀ ਨਹੀਂ ਦਿੱਤੇ ਕਿ ਉਹ ਉਨ੍ਹਾਂ ਦੇ ਪੁੱਤਰਾਂ ਨੂੰ ਲੱਭਣ ਦੇ ਯਤਨ ਆਰੰਭ ਕਰਨ। ਸ੍ਰੀ ਢਿੱਲੋਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਉਨ੍ਹਾਂ ਦੇ ਪੁੱਤਰਾਂ ਦੀ ਮੌਤ ਲਈ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਇਨਸਾਫ਼ ਲਈ ਵੱਡੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ।