ਚੰਡੀਗੜ੍ਹ: ਪੰਜਾਬ ਵਿੱਚ ਹਾਲ ਹੀ ਦੇ ਹੜ੍ਹਾਂ ਦੌਰਾਨ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦੇ ਗੇਟ ਟੁੱਟਣ ਦੀ ਘਟਨਾ ਨੇ ਪ੍ਰਸ਼ਾਸਕੀ ਅਣਗਹਿਲੀ ਨੂੰ ਸਾਹਮਣੇ ਲਿਆਂਦਾ ਹੈ। ਇਸ ਮਾਮਲੇ ਵਿੱਚ ਸੂਬਾ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਨਹਿਰੀ ਵਿਭਾਗ ਦੇ ਤਿੰਨ ਅਧਿਕਾਰੀਆਂ ਐਕਸੀਅਨ ਨੀਤਿਨ ਸੂਦ, ਐਸਡੀਓ ਅਰੁਣ ਕੁਮਾਰ ਅਤੇ ਜੂਨੀਅਰ ਇੰਜੀਨੀਅਰ ਸਚਿਨ ਠਾਕੁਰ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ।

ਇਹ ਹਾਦਸਾ 27 ਅਗਸਤ 2025 ਨੂੰ ਵਾਪਰਿਆ, ਜਦੋਂ ਰਾਵੀ ਨਦੀ ’ਚ ਪਾਣੀ ਦੇ ਤੇਜ਼ ਵਹਾਅ ਨੇ ਹੈੱਡਵਰਕਸ ਦੇ ਦੋ ਗੇਟਾਂ ਨੂੰ ਤੋੜ ਦਿੱਤਾ। ਇਸ ਕਾਰਨ ਪਾਣੀ ਤੇਜ਼ੀ ਨਾਲ ਨੇੜਲੇ ਪਿੰਡਾਂ ਵਿੱਚ ਵੜਿਆ, ਜਿਸ ਨਾਲ ਵਿਆਪਕ ਨੁਕਸਾਨ ਹੋਇਆ। ਇਸ ਘਟਨਾ ਨੇ ਨਾ ਸਿਰਫ਼ ਵਿਭਾਗੀ ਲਾਪਰਵਾਹੀ ਨੂੰ ਉਜਾਗਰ ਕੀਤਾ, ਸਗੋਂ ਹੜ੍ਹਾਂ ਦੀ ਤਬਾਹੀ ਨੂੰ ਹੋਰ ਵਧੇਰੇ ਗੰਭੀਰ ਕਰ ਦਿੱਤਾ।

ਮੁਲਾਜ਼ਮ ਦੀ ਮੌਤ ਅਤੇ ਬਚਾਅ ਕਾਰਜ

ਗੇਟ ਟੁੱਟਣ ਦੀ ਘਟਨਾ ਵਿੱਚ ਨਹਿਰੀ ਵਿਭਾਗ ਦੇ ਇੱਕ ਮੁਲਾਜ਼ਮ ਦੀ ਜਾਨ ਚਲੀ ਗਈ। ਇਸ ਸਮੇਂ ਲਗਭਗ 50 ਵਰਕਰ ਗੇਟ ਦੀ ਮੁਰੰਮਤ ਦੇ ਕੰਮ ਵਿੱਚ ਲੱਗੇ ਸਨ, ਜੋ ਖਤਰਨਾਕ ਸਥਿਤੀ ਵਿੱਚ ਫਸ ਗਏ ਸਨ। ਭਾਰਤੀ ਹਵਾਈ ਸੈਨਾ ਨੇ ਹੈਲੀਕਾਪਟਰਾਂ ਰਾਹੀਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਮੁਅੱਤਲੀ ਦਾ ਹੁਕਮ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਕੀਤਾ ਗਿਆ।

ਹੋਰ ਅਧਿਕਾਰੀਆਂ ’ਤੇ ਵੀ ਲਟਕ ਰਹੀ ਤਲਵਾਰ

ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਦੀ ਇੱਕ ਜਾਂਚ ਟੀਮ ਨੇ ਮਾਧੋਪੁਰ ਹੈੱਡਵਰਕਸ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸੂਤਰਾਂ ਮੁਤਾਬਕ, ਹੋਰ ਵਿਭਾਗੀ ਅਧਿਕਾਰੀਆਂ ’ਤੇ ਵੀ ਕਾਰਵਾਈ ਹੋ ਸਕਦੀ ਹੈ, ਪਰ ਮੁਅੱਤਲੀ ਦੇ ਨੋਟੀਫਿਕੇਸ਼ਨ ਵਿੱਚ ਇਸ ਦਾ ਸਪੱਸ਼ਟ ਜ਼ਿਕਰ ਨਹੀਂ ਹੈ। ਸਰਕਾਰ ਨੇ ਗੇਟਾਂ ਦੀ ਜਾਂਚ ਲਈ ਜ਼ਿੰਮੇਵਾਰ ਪ੍ਰਾਈਵੇਟ ਕੰਪਨੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ।