ਓ. ਹੈਨਰੀ
ਇੱਕ ਡਾਲਰ ਅਤੇ ਸਤਾਸੀ ਸੈਂਟ। ਇਹੀ ਸੀ ਸਾਰਾ ਕੁਝ। ਮੀਟ ਅਤੇ ਰਾਸ਼ਨ ਦੀਆਂ ਹੋਰ ਚੀਜ਼ਾਂ ਦੀ ਸਾਵਧਾਨੀ ਨਾਲ ਕੀਤੀ ਖਰੀਦਦਾਰੀ ਸਮੇਂ ਇੱਕ-ਇੱਕ ਸੈਂਟ ਬਚਾਉਂਦੀ ਉਹ ਇੰਨਾ ਹੀ ਬਚਾ ਸਕੀ ਸੀ। ਡੈਲਾ ਨੇ ਇਸ ਦੀ ਤਿੰਨ ਵਾਰ ਗਿਣਤੀ ਕੀਤੀ। ਇੱਕ ਡਾਲਰ ਅਤੇ ਸਤਾਸੀ ਸੈਂਟ। … ਤੇ ਅਗਲੇ ਦਿਨ ਕ੍ਰਿਸਮਸ ਸੀ।
ਮੰਜੇ ਉੱਤੇ ਢਹਿ ਪੈਣ ਅਤੇ ਰੋਣ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਕੀਤਾ ਜਾ ਸਕਦਾ ਸੀ। ਡੈਲਾ ਨੇ ਇਹੀ ਕੀਤਾ।
ਘਰ ਦੀ ਸੁਆਣੀ ਰੋਣਾ ਕੁਝ ਬੰਦ ਕਰ ਰਹੀ ਹੈ, ਹੁਣ ਅਸੀਂ ਘਰ ਵੱਲ ਇੱਕ ਝਾਤ ਮਾਰ ਸਕਦੇ ਹਾਂ। ਰਹਿਣ ਜੋਗੇ ਸਾਮਾਨ ਸਮੇਤ ਕਮਰੇ ਅੱਠ ਡਾਲਰ ਪ੍ਰਤੀ ਹਫ਼ਤੇ ਦੇ ਕਿਰਾਏ ਉੱਤੇ, ਇਸ ਬਾਰੇ ਹੋਰ ਕੁਝ ਵੀ ਕਹਿਣ ਲਈ ਨਹੀਂ ਸੀ।
ਹੇਠਲੇ ਹਾਲ ਦੇ ਬਾਹਰ ਇੱਕ ਲੈਟਰ-ਬਾਕਸ ਜਿਹੜਾ ਇੰਨਾ ਛੋਟਾ ਸੀ ਕਿ ਉਸ ਵਿੱਚ ਸ਼ਾਇਦ ਹੀ ਕੋਈ ਚਿੱਠੀ ਰੱਖੀ ਜਾ ਸਕੇ। ਇੱਕ ਘੰਟੀ ਵੀ ਲੱਗੀ ਹੋਈ ਸੀ, ਪਰ ਇਹ ਕੋਈ ਆਵਾਜ਼ ਨਹੀਂ ਸੀ ਕੱਢਦੀ। ਦਰਵਾਜ਼ੇ ਦੇ ਲਾਗੇ ਹੀ ਨਾਮ ਲਿਖਿਆ ਹੋਇਆ ਸੀ: “ਸ੍ਰੀ ਜੇਮਜ਼ ਡਿਲਿੰਘਮ ਯੰਗ।”
ਜਦੋਂ ਇਹ ਨਾਮ ਲਿਖਿਆ ਗਿਆ ਸੀ, ਉਦੋਂ ਸ੍ਰੀ ਜੇਮਜ਼ ਡਿਲਿੰਘਮ ਯੰਗ ਦੀ ਤਨਖ਼ਾਹ 30 ਡਾਲਰ ਪ੍ਰਤੀ ਹਫ਼ਤਾ ਸੀ। ਹੁਣ, ਉਸ ਨੂੰ ਜਦੋਂ 20 ਡਾਲਰ ਹਫ਼ਤੇ ਦੇ ਮਿਲਦੇ ਸਨ, ਨਾਮ ਲੋੜੋਂ ਬਹੁਤਾ ਲੰਬਾ ਤੇ ਭਾਰਾ ਲੱਗਦਾ ਸੀ। ਇਸ ਨੂੰ ਸ਼ਾਇਦ ਏਦਾਂ ਲਿਖਿਆ ਜਾਣਾ ਚਾਹੀਦਾ ਸੀ: “ਸ੍ਰੀ ਜੇਮਜ਼ ਡ. ਯੰਗ।” ਪਰ ਜਦੋਂ ਜੇਮਜ਼ ਡਿਲਿੰਘਮ ਯੰਗ ਕਮਰਿਆਂ ਅੰਦਰ ਆਉਂਦਾ ਹੈ ਤਾਂ ਉਸ ਦਾ ਨਾਮ ਸੱਚਮੁੱਚ ਛੋਟਾ ਹੋ ਜਾਂਦਾ ਹੈ। ਸ੍ਰੀਮਤੀ ਜੇਮਜ਼ ਡਿਲਿੰਘਮ ਯੰਗ ਨਿੱਘ ਨਾਲ ਆਪਣੀਆਂ ਬਾਹਾਂ ਉਸ ਦੁਆਲੇ ਵਲ ਲੈਂਦੀ ਹੈ ਅਤੇ ਉਸ ਨੂੰ ਬੁਲਾਉਂਦੀ ਹੈ “ਜਿਮ।” ਤੁਸੀਂ ਉਸ ਨੂੰ ਪਹਿਲਾਂ ਹੀ ਮਿਲ ਚੁੱਕੇ ਹੋ। ਉਹ ਡੈਲਾ ਹੈ।
ਡੈਲਾ ਰੋ ਚੁੱਕੀ ਸੀ ਅਤੇ ਇਸ ਦੇ ਨਿਸ਼ਾਨ ਆਪਣੇ ਚਿਹਰੇ ਤੋਂ ਸਾਫ਼ ਕਰ ਚੁੱਕੀ ਸੀ। ਉਹ ਖਿੜਕੀ ਕੋਲ ਜਾ ਕੇ ਖੜ੍ਹ ਗਈ ਅਤੇ ਉਦਾਸ ਨਜ਼ਰਾਂ ਨਾਲ ਬਾਹਰ ਦੇਖਣ ਲੱਗੀ। ਕੱਲ੍ਹ ਨੂੰ ਕ੍ਰਿਸਮਸ ਦਾ ਦਿਨ ਹੋਵੇਗਾ ਅਤੇ ਉਸ ਕੋਲ ਜਿਮ ਲਈ ਤੋਹਫ਼ਾ ਖਰੀਦਣ ਵਾਸਤੇ ਸਿਰਫ਼ 1.87 ਡਾਲਰ ਸਨ। ਮਹੀਨਿਆਂ ਬੱਧੀ ਬੱਚਤ ਕਰ ਕੇ ਉਹ ਬਸ ਇੰਨੇ ਹੀ ਬਚਾ ਸਕੀ ਸੀ। ਇੱਕ ਹਫ਼ਤੇ ਦੇ ਵੀਹ ਡਾਲਰ ਕਾਫ਼ੀ ਨਹੀਂ ਸਨ। ਹਰ ਚੀਜ਼ ਉਸ ਦੀ ਉਮੀਦ ਨਾਲੋਂ ਕਿਤੇ ਜ਼ਿਆਦਾ ਮਹਿੰਗੀ ਸੀ। ਹਮੇਸ਼ਾ ਇਵੇਂ ਹੀ ਹੁੰਦਾ ਆਇਆ ਹੈ।
ਜਿਮ ਲਈ ਤੋਹਫ਼ੇ ਵਾਸਤੇ ਸਿਰਫ਼ 1.87 ਡਾਲਰ। ਉਸ ਦਾ ਜਿਮ। ਉਸ ਲਈ ਕੁਝ ਖ਼ਾਸ ਖਰੀਦਣ ਦੀਆਂ ਸੋਚਾਂ ਵਿੱਚ ਉਸ ਨੇ ਕਿੰਨੇ ਹੀ ਖ਼ੁਸ਼ੀਆਂ ਭਰੇ ਪਲ ਬਿਤਾਏ ਸਨ। ਕੁਝ ਬਹੁਤ ਚੰਗਾ ਜਿਹਾ। ਕੁਝ ਅਜਿਹਾ ਜਿਹੜਾ ਜਿਮ ਨਾਲ ਜਚਦਾ ਹੋਵੇ।
ਕਮਰੇ ਦੀਆਂ ਖਿੜਕੀਆਂ ਦੇ ਵਿਚਾਲੇ ਇੱਕ ਸ਼ੀਸ਼ਾ ਲੱਗਾ ਹੋਇਆ ਸੀ। ਸ਼ਾਇਦ ਤੁਸੀਂ ਅੱਠ ਡਾਲਰ ਕਿਰਾਏ ਵਾਲੇ ਕਮਰੇ ਵਿੱਚ ਲੱਗੇ ਸ਼ੀਸ਼ੇ ਦੇਖੇ ਹੋਣ। ਇਹ ਬਹੁਤ ਘੱਟ ਚੌੜਾ ਸੀ। ਇਸ ਸ਼ੀਸ਼ੇ ਵਿੱਚ ਇੱਕ ਸਮੇਂ ’ਤੇ ਵਿਅਕਤੀ ਆਪਣਾ ਅੱਧਾ ਹਿੱਸਾ ਹੀ ਦੇਖ ਸਕਦਾ ਸੀ। ਪਰ ਜੇ ਕੋਈ ਮੂਲੋਂ ਹੀ ਪਤਲਾ ਹੋਵੇ ਅਤੇ ਤੇਜ਼ੀ ਨਾਲ ਹਿੱਲਜੁਲ ਸਕਦਾ ਹੋਵੇ ਤਾਂ ਉਹ ਸ਼ੀਸ਼ੇ ਵਿੱਚ ਆਪਣੇ-ਆਪ ਨੂੰ ਖ਼ਾਸੀ ਚੰਗੀ ਤਰ੍ਹਾਂ ਦੇਖ ਸਕਦਾ ਸੀ। ਡੈਲਾ ਕਿਉਂਕਿ ਕਾਫ਼ੀ ਪਤਲੀ ਸੀ, ਇਸ ਕਲਾ ਵਿੱਚ ਮਾਹਿਰ ਹੋ ਚੁੱਕੀ ਸੀ।
ਉਹ ਅਚਾਨਕ ਖਿੜਕੀ ਵਿੱਚੋਂ ਮੁੜੀ ਅਤੇ ਸ਼ੀਸ਼ੇ ਅੱਗੇ ਖਲੋ ਗਈ। ਉਸ ਦੀਆਂ ਅੱਖਾਂ ਚਮਕ ਰਹੀਆਂ ਸਨ, ਪਰ ਚਿਹਰੇ ਨੇ ਆਪਣਾ ਰੰਗ ਖੋ ਦਿੱਤਾ ਸੀ। ਕਾਹਲੀ ਨਾਲ ਉਸ ਨੇ ਆਪਣੇ ਵਾਲ਼ ਖੋਲ੍ਹੇ ਅਤੇ ਉਨ੍ਹਾਂ ਨੂੰ ਹੇਠਾਂ ਤੱਕ ਲਮਕ ਜਾਣ ਦਿੱਤਾ।
ਜੇਮਜ਼ ਡਿਲਿੰਘਮ ਯੰਗ ਜੋੜਾ ਆਪਣੀਆਂ ਦੋ ਚੀਜ਼ਾਂ ਉੱਤੇ ਬਹੁਤ ਮਾਣ ਕਰਦਾ ਸੀ। ਪਹਿਲੀ ਚੀਜ਼ ਜਿਮ ਦੀ ਸੋਨੇ ਦੀ ਘੜੀ ਸੀ। ਇਹ ਘੜੀ ਪਹਿਲਾਂ ਜਿਮ ਦੇ ਪਿਤਾ ਕੋਲ ਸੀ, ਅਤੇ ਬਹੁਤ ਪਹਿਲਾਂ, ਇਹ ਉਸ ਦੇ ਪਿਤਾ ਦੇ ਪਿਤਾ ਕੋਲ ਸੀ। ਦੂਜੀ ਚੀਜ਼, ਡੈਲਾ ਦੇ ਵਾਲ਼ ਸਨ।
ਜੇ ਕੋਈ ਰਾਣੀ ਉਨ੍ਹਾਂ ਦੇ ਕਮਰਿਆਂ ਦੇ ਲਾਗੇ ਰਹਿੰਦੀ ਹੁੰਦੀ ਤਾਂ ਡੈਲਾ ਉੱਥੇ ਖੜ੍ਹ ਕੇ ਵਾਲ਼ ਧੋਂਦੀ ਅਤੇ ਸੁਕਾਉਂਦੀ ਜਿੱਥੋਂ ਰਾਣੀ ਉਸ ਨੂੰ ਦੇਖ ਸਕਦੀ। ਡੈਲਾ ਨੂੰ ਇਹ ਗਿਆਤ ਸੀ ਕਿ ਉਸ ਦੇ ਵਾਲ਼ ਕਿਸੇ ਰਾਣੀ ਦੇ ਜਵਾਹਰਾਤਾਂ ਤੇ ਤੋਹਫ਼ਿਆਂ ਤੋਂ ਵਧੇਰੇ ਸੋਹਣੇ ਹਨ।
ਜੇ ਕੋਈ ਰਾਜਾ ਆਪਣੀ ਪੂਰੀ ਠਾਠ ਨਾਲ ਉਨ੍ਹਾਂ ਦੇ ਘਰ ਵਿੱਚ ਰਹਿੰਦਾ ਹੁੰਦਾ ਤਾਂ ਜਿਮ ਜਦ ਵੀ ਰਾਜੇ ਨੂੰ ਟੱਕਰਦਾ ਤਾਂ ਆਪਣੀ ਘੜੀ ਵੱਲ ਜ਼ਰੂਰ ਦੇਖਦਾ। ਜਿਮ ਨੂੰ ਪਤਾ ਸੀ ਕਿ ਕਿਸੇ ਵੀ ਰਾਜੇ ਕੋਲ ਇੰਨੀ ਕੀਮਤੀ ਚੀਜ਼ ਨਹੀਂ ਹੈ।
ਹੁਣ ਡੈਲਾ ਦੇ ਵਾਲ਼ ਭੂਰੇ ਪਾਣੀ ਦੇ ਇੱਕ ਝਰਨੇ ਵਾਂਗ ਉਸ ਦੇ ਆਲੇ-ਦੁਆਲੇ ਲਮਕ ਰਹੇ ਸਨ। ਇਹ ਉਸ ਦੇ ਗੋਡਿਆਂ ਤੱਕ ਪਹੁੰਚ ਰਹੇ ਸਨ। ਇਨ੍ਹਾਂ ਨੇ ਲਗਭਗ ਉਸ ਨੂੰ ਕੱਜ ਲਿਆ ਸੀ।
ਫਿਰ ਬੇਚੈਨੀ ਤੇ ਕਾਹਲੀ-ਕਾਹਲੀ ਵਿੱਚ ਉਸ ਨੇ ਵਾਲਾਂ ਦਾ ਦੁਬਾਰਾ ਜੂੜਾ ਕਰ ਲਿਆ। ਉਹ ਇੱਕ ਪਲ ਲਈ ਰੁਕੀ ਤੇ ਬੇਹਰਕਤ ਖੜ੍ਹੀ ਰਹੀ, ਇੱਕ-ਦੋ ਅੱਥਰੂ ਉਸ ਦੇ ਚਿਹਰੇ ਉੱਤੇ ਵਹਿ ਤੁਰੇ।
ਉਸ ਨੇ ਆਪਣਾ ਪੁਰਾਣਾ ਭੂਰਾ ਕੋਟ ਪਹਿਨ ਲਿਆ। ਆਪਣਾ ਪੁਰਾਣਾ ਭੂਰਾ ਹੈਟ ਲਿਆ। ਆਪਣੀਆਂ ਅੱਖਾਂ ਵਿੱਚ ਚਮਕ ਲਈ ਉਹ ਤੇਜ਼ੀ ਨਾਲ ਦਰਵਾਜ਼ੇ ਵਿੱਚੋਂ ਬਾਹਰ ਨਿਕਲ ਕੇ ਗਲੀ ’ਚ ਚਲੀ ਗਈ।
ਜਿੱਥੇ ਉਹ ਰੁਕੀ, ਉੱਥੇ ਇੱਕ ਸਾਈਨ-ਬੋਰਡ ਲੱਗਾ ਹੋਇਆ ਸੀ: “ਸ੍ਰੀਮਤੀ ਸੋਫ਼ਰੋਨੀ। ਵਾਲਾਂ ਦੀਆਂ ਸਭ ਤਰ੍ਹਾਂ ਦੀਆਂ ਚੀਜ਼ਾਂ।”
ਡੈਲਾ ਲਗਭਗ ਭੱਜਦੀ ਹੋਈ ਦੂਜੀ ਮੰਜ਼ਿਲ ਜਾ ਚੜ੍ਹੀ ਅਤੇ ਦਮ ਲੈਣ ਲਈ ਪਲ ਭਰ ਰੁਕੀ।
ਭਾਰੀ, ਦੁੱਧ-ਚਿੱਟੀ, ਠੰਢੀਆਂ ਅੱਖਾਂ ਵਾਲੀ ਸ੍ਰੀਮਤੀ ਸੋਫ਼ਰੋਨੀ ਨੇ ਉਸ ਵੱਲ ਤੱਕਿਆ।
“ਤੁਸੀਂ ਮੇਰੇ ਵਾਲ਼ ਖਰੀਦੋਗੇ?” ਡੈਲਾ ਨੇ ਪੁੱਛਿਆ।
“ਮੈਂ ਵਾਲ਼ ਖਰੀਦਦੀ ਹਾਂ,” ਸ੍ਰੀਮਤੀ ਸੋਫ਼ਰੋਨੀ ਨੇ ਕਿਹਾ। “ਆਪਣਾ ਹੈਟ ਉਤਾਰੋ ਅਤੇ ਮੈਨੂੰ ਇੱਕ ਨਜ਼ਰ ਦੇਖਣ ਦਿਓ।”
ਭੂਰਾ ਝਰਨਾ ਵਹਿਣ ਲੱਗਾ।
“ਵੀਹ ਡਾਲਰ,” ਵਾਲਾਂ ਨੂੰ ਜੋਖ਼ਦਿਆਂ ਸ੍ਰੀਮਤੀ ਸੋਫ਼ਰੋਨੀ ਨੇ ਕਿਹਾ।
“ਜਲਦੀ ਜਲਦੀ ਮੈਨੂੰ ਇਹ ਦੇ ਦਿਓ,” ਡੈਲਾ ਨੇ ਕਿਹਾ।
ਤੇ ਫਿਰ, ਅਗਲੇ ਦੋ ਘੰਟੇ ਜਿਵੇਂ ਖੰਭ ਲਾ ਕੇ ਲੰਘੇ ਹੋਣ। ਜਿਮ ਲਈ ਤੋਹਫ਼ਾ ਖਰੀਦਣ ਲਈ ਉਹ ਇੱਕ ਦੁਕਾਨ ਤੋਂ ਦੂਜੀ ਦੁਕਾਨ ਵੱਲ ਜਿਵੇਂ ਉੱਡਦੀ ਹੋਈ ਜਾ ਰਹੀ ਸੀ।
ਆਖ਼ਰ ਇਹ ਉਸ ਨੂੰ ਮਿਲ ਗਿਆ। ਇਹ ਸਿਰਫ਼ ਅਤੇ ਸਿਰਫ਼ ਜਿਮ ਲਈ ਹੀ ਬਣਿਆ ਸੀ। ਹੋਰ ਕਿਸੇ ਵੀ ਦੁਕਾਨ ਕੋਲ ਇਹੋ ਜਿਹੀ ਚੀਜ਼ ਨਹੀਂ ਸੀ, ਅਤੇ ਉਸ ਨੇ ਇਸ ਲਈ ਸ਼ਹਿਰ ਦੀ ਹਰੇਕ ਦੁਕਾਨ ਛਾਣ ਮਾਰੀ ਸੀ।
ਇਹ ਇੱਕ ਸੋਨੇ ਰੰਗੀ ਘੜੀ ਦੀ ਚੇਨ ਸੀ, ਬਹੁਤ ਹੀ ਸਾਦਾ ਢੰਗ ਦੀ ਬਣੀ ਹੋਈ। ਇਸ ਦੀ ਕੀਮਤ ਇਸਦੇ ਵਧੀਆ ਤੇ ਸ਼ੁੱਧ ਮੈਟੀਰੀਅਲ ਵਿੱਚ ਸੀ। ਕਿਉਂਕਿ ਇਹ ਬਹੁਤ ਸਾਦੀ ਅਤੇ ਸਿੱਧੀ-ਸਾਦੀ ਸੀ, ਇਸ ਲਈ ਤੁਸੀਂ ਸਮਝ ਸਕਦੇ ਹੋ ਕਿ ਇਹ ਕਿੰਨੀ ਕੀਮਤੀ ਸੀ। ਸਾਰੀਆਂ ਚੰਗੀਆਂ ਚੀਜ਼ਾਂ ਏਦਾਂ ਦੀਆਂ ਹੀ ਹੁੰਦੀਆਂ ਹਨ।
ਇਹ ਉਸ ਦੀ ਘੜੀ ਲਈ ਬਿਲਕੁਲ ਢੁੱਕਵੀਂ ਸੀ।
ਜਿਉਂ ਹੀ ਉਸ ਨੇ ਇਹਨੂੰ ਦੇਖਿਆ ਸੀ, ਉਹ ਸਮਝ ਗਈ ਕਿ ਇਹ ਜਿਮ ਕੋਲ ਹੋਣੀ ਚਾਹੀਦੀ ਹੈ। ਇਹ ਬਿਲਕੁਲ ਉਸ ਵਰਗੀ ਸੀ। ਸ਼ਾਂਤ ਅਤੇ ਬੇਸ਼ਕੀਮਤੀ – ਜਿਮ ਅਤੇ ਚੇਨ ਵਿੱਚ ਇਹ ਦੋਵੇਂ ਗੁਣ ਸਨ। ਉਸ ਨੇ ਇਹਦੇ ਲਈ 21 ਡਾਲਰ ਅਦਾ ਕੀਤੇ। ਚੇਨ ਅਤੇ ਬਚੇ ਹੋਏ 87 ਸੈਂਟ ਲੈ ਕੇ ਉਹ ਛੇਤੀ-ਛੇਤੀ ਘਰ ਵੱਲ ਹੋ ਤੁਰੀ।
ਘੜੀ ਨੂੰ ਚੇਨ ਲਗਾ ਕੇ, ਜਿਮ ਜਿੱਥੇ ਚਾਹੇ ਆਪਣੀ ਘੜੀ ਵੱਲ ਤੱਕ ਸਕੇਗਾ ਤੇ ਸਮਾਂ ਦੇਖ ਸਕੇਗਾ। ਭਾਵੇਂ ਘੜੀ ਬਹੁਤ ਅੱਛੀ ਸੀ, ਪਰ ਇਸ ’ਤੇ ਕਦੇ ਵੀ ਚੰਗੀ ਚੇਨ ਨਹੀਂ ਲੱਗ ਸਕੀ ਸੀ। ਉਹ ਕਦੇ ਕਦਾਈਂ ਹੀ ਇਸ ਨੂੰ ਬਾਹਰ ਕੱਢਦਾ ਸੀ ਅਤੇ ਉਦੋਂ ਹੀ ਸਮਾਂ ਦੇਖਦਾ ਸੀ ਜਦੋਂ ਆਸੇ-ਪਾਸੇ ਕੋਈ ਨਹੀਂ ਸੀ ਹੁੰਦਾ।
ਜਦੋਂ ਡੈਲਾ ਘਰ ਪਹੁੰਚੀ ਤਾਂ ਉਸ ਦਾ ਮਨ ਕੁਝ ਟਿਕਾਅ ’ਚ ਆ ਚੁੱਕਾ ਸੀ। ਉਹ ਵਧੇਰੇ ਤਰਕਸੰਗਤ ਢੰਗ ਨਾਲ ਸੋਚਣ ਲੱਗੀ ਸੀ। ਉਹ ਉਸ ਸਭ ਕੁਝ ਦੇ ਉਦਾਸ ਨਿਸ਼ਾਨਾਂ ਨੂੰ ਢਕਣ ਲੱਗੀ ਜੋ ਉਹ ਕਰ ਆਈ ਸੀ। ਪਿਆਰ ਅਤੇ ਵੱਡੇ ਦਿਲ ਦਾ ਤੋਹਫ਼ਾ ਜਦੋਂ ਇਕੱਠੇ ਹੋ ਜਾਣ ਤਾਂ ਗਹਿਰੇ ਨਿਸ਼ਾਨ ਛੱਡ ਸਕਦੇ ਹਨ। ਇਨ੍ਹਾਂ ਨਿਸ਼ਾਨਾਂ ਨੂੰ ਢਕਣਾ ਕਦੇ ਵੀ ਆਸਾਨ ਨਹੀਂ ਹੁੰਦਾ, ਮੇਰੇ ਦੋਸਤੋ, ਕਦੇ ਵੀ ਆਸਾਨ ਨਹੀਂ ਹੁੰਦਾ।
ਚਾਲੀ ਕੁ ਮਿੰਟਾਂ ਵਿੱਚ ਉਸ ਦਾ ਸਿਰ ਕੁਝ ਠੀਕ ਦਿਸਣ ਲੱਗਾ ਸੀ। ਛੋਟੇ ਵਾਲਾਂ ਨਾਲ ਉਹ ਇੱਕ ਸਕੂਲੀ ਬੱਚੇ ਜਿਹੀ ਕਮਾਲ ਲੱਗ ਰਹੀ ਸੀ। ਉਹ ਸ਼ੀਸ਼ੇ ਅੱਗੇ ਲੰਮੇ ਸਮੇਂ ਲਈ ਖੜ੍ਹੀ ਰਹੀ।
“ਜੇ ਜਿਮ ਮੈਨੂੰ ਮਾਰ ਨਹੀਂ ਦਿੰਦਾ,” ਉਸ ਨੇ ਆਪਣੇ ਆਪ ਨੂੰ ਕਿਹਾ, “ਮੇਰੇ ਵੱਲ ਦੂਜੀ ਵਾਰ ਦੇਖਣ ਤੋਂ ਪਹਿਲਾਂ ਹੀ ਉਹ ਕਹੇਗਾ ਕਿ ਮੈਂ ਉਸ ਕੁੜੀ ਵਰਗੀ ਲੱਗਦੀ ਹਾਂ ਜਿਹੜੀ ਪੈਸੇ ਲਈ ਗਾਉਂਦੀ ਤੇ ਨੱਚਦੀ ਹੈ। ਪਰ ਮੈਂ ਹੋਰ ਕਰ ਹੀ ਕੀ ਸਕਦੀ ਸੀ – ਓਹ! ਇੱਕ ਡਾਲਰ ਅਤੇ ਸਤਾਸੀ ਸੈਂਟ ਨਾਲ ਮੈਂ ਕੀ ਕਰਦੀ?”
ਸੱਤ ਵਜੇ, ਜਿਮ ਲਈ ਖਾਣਾ ਤਿਆਰ ਸੀ।
ਜਿਮ ਕਦੇ ਵੀ ਲੇਟ ਨਹੀਂ ਹੁੰਦਾ ਸੀ। ਡੈਲਾ ਨੇ ਚੇਨ ਹੱਥ ਵਿੱਚ ਫੜੀ ਅਤੇ ਉਸ ਦਰਵਾਜ਼ੇ ਕੋਲ ਜਾ ਬੈਠੀ ਜਿਧਰੋਂ ਜਿਮ ਹਮੇਸ਼ਾਂ ਆਉਂਦਾ ਸੀ। ਫਿਰ ਉਸ ਨੇ ਹਾਲ ਵਿੱਚ ਉਸ ਦੇ ਕਦਮਾਂ ਦੀ ਆਹਟ ਸੁਣੀ ਅਤੇ ਇੱਕ ਪਲ ਲਈ ਉਸ ਦੇ ਚਿਹਰੇ ਦਾ ਰੰਗ ਉੱਡ ਜਿਹਾ ਗਿਆ। ਉਹ ਅਕਸਰ ਹੀ ਰੋਜ਼ਮਰ੍ਹਾ ਦੀਆਂ ਚੀਜ਼ਾਂ ਲਈ ਛੋਟੀਆਂ-ਛੋਟੀਆਂ ਅਰਦਾਸਾਂ ਕਰਦੀ ਰਹਿੰਦੀ ਸੀ। ਅਤੇ ਹੁਣ ਉਸ ਨੇ ਕਿਹਾ: “ਮੇਰੇ ਰੱਬਾ ਕਿਰਪਾ ਕਰ, ਉਸ ਨੂੰ ਸੋਚਣ ਲਗਾ ਕਿ ਮੈਂ ਅਜੇ ਵੀ ਸੋਹਣੀ ਹਾਂ।”
ਦਰਵਾਜ਼ਾ ਖੁੱਲ੍ਹਿਆ ਅਤੇ ਜਿਮ ਅੰਦਰ ਆਇਆ। ਉਹ ਬਹੁਤ ਲਿੱਸਾ ਲੱਗ ਰਿਹਾ ਸੀ ਅਤੇ ਉਹ ਮੁਸਕਰਾ ਨਹੀਂ ਰਿਹਾ ਸੀ। ਵਿਚਾਰਾ, ਉਹ ਅਜੇ 22 ਵਰ੍ਹਿਆਂ ਦਾ ਹੀ ਸੀ – ਅਤੇ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਆ ਪਈ ਸੀ। ਉਸ ਨੂੰ ਇੱਕ ਨਵੇਂ ਕੋਟ ਦੀ ਲੋੜ ਸੀ ਅਤੇ ਉਸ ਕੋਲ ਠਰ੍ਹੇ ਹੋਏ ਹੱਥਾਂ ਨੂੰ ਢਕਣ ਲਈ ਕੁਝ ਵੀ ਨਹੀਂ ਸੀ।
ਜਿਮ ਦਰਵਾਜ਼ੇ ਦੇ ਅੰਦਰ ਆ ਕੇ ਖਲੋ ਗਿਆ। ਉਹ ਇਉਂ ਚੁੱਪਚਾਪ ਖੜ੍ਹਾ ਸੀ ਜਿਵੇਂ ਕਿਸੇ ਪਰਿੰਦੇ ਕੋਲ ਸ਼ਿਕਾਰੀ ਕੁੱਤਾ ਖੜ੍ਹਾ ਹੁੰਦਾ ਹੈ। ਉਸ ਦੀਆਂ ਅੱਖਾਂ ਨੇ ਡੈਲਾ ਵੱਲ ਅਜੀਬ ਤਰ੍ਹਾਂ ਨਾਲ ਵੇਖਿਆ ਅਤੇ ਉਨ੍ਹਾਂ ਵਿੱਚ ਕੋਈ ਅਜਿਹਾ ਭਾਵ ਸੀ ਜਿਸ ਨੂੰ ਉਹ ਸਮਝ ਨਹੀਂ ਪਾ ਰਹੀ ਸੀ। ਇਸ ਨੇ ਉਸ ਨੂੰ ਭੈਅ ਨਾਲ ਭਰ ਦਿੱਤਾ। ਇਹ ਗੁੱਸਾ ਨਹੀਂ ਸੀ, ਨਾ ਹੀ ਹੈਰਾਨੀ ਸੀ, ਅਜਿਹਾ ਕੁਝ ਵੀ ਨਹੀਂ ਸੀ ਜਿਸ ਲਈ ਉਹ ਪਹਿਲੋਂ ਹੀ ਤਿਆਰ ਸੀ। ਉਹ ਬਸ ਇੱਕ ਅਣਜਾਣ ਭਾਵ ਨਾਲ ਉਸ ਵੱਲ ਦੇਖੀ ਜਾ ਰਿਹਾ ਸੀ।
ਡੈਲਾ ਉਸ ਕੋਲ ਗਈ।
“ਜਿਮ, ਮੇਰੇ ਪਿਆਰੇ,” ਉਹ ਰੋਣ ਲੱਗ ਪਈ, “ਮੇਰੇ ਵੱਲ ਇੱਦਾਂ ਨਾ ਵੇਖ। ਮੈਂ ਆਪਣੇ ਵਾਲ਼ ਕਟਵਾ ਦਿੱਤੇ ਹਨ ਅਤੇ ਵੇਚ ਦਿੱਤੇ ਹਨ। ਮੈਂ ਬਿਨਾਂ ਤੈਨੂੰ ਕੋਈ ਤੋਹਫ਼ਾ ਦਿੱਤੇ ਕ੍ਰਿਸਮਸ ਨਹੀਂ ਲੰਘਣ ਦੇਣਾ ਚਾਹੁੰਦੀ। ਮੇਰੇ ਵਾਲ਼ ਫਿਰ ਵੱਡੇ ਹੋ ਜਾਣਗੇ। ਤੂੰ ਫ਼ਿਕਰ ਨਾ ਕਰ, ਨਹੀਂ ਕਰੇਂਗਾ ਨਾ? ਮੇਰੇ ਵਾਲ਼ ਬਹੁਤ ਤੇਜ਼ੀ ਨਾਲ ਵਧਦੇ ਹਨ। ਕ੍ਰਿਸਮਸ ਦੇ ਦਿਨ ਹਨ, ਜਿਮ। ਆਓ ਆਪਾਂ ਖ਼ੁਸ਼ ਹੋਈਏ। ਤੈਨੂੰ ਨਹੀਂ ਪਤਾ ਮੈਂ ਤੇਰੇ ਲਈ ਕਿੰਨਾ ਵਧੀਆ, ਕਿੰਨਾ ਸੋਹਣਾ ਤੋਹਫ਼ਾ ਖਰੀਦਿਆ ਹੈ।”
“ਤੂੰ ਆਪਣੇ ਵਾਲ਼ ਕਟਵਾ ਦਿੱਤੇ ਹਨ?” ਜਿਮ ਨੇ ਹੌਲੀ ਜਿਹੀ ਪੁੱਛਿਆ। ਉਹ ਇਹ ਸਮਝਣ ਲਈ ਜ਼ੋਰ ਲਗਾ ਰਿਹਾ ਲੱਗਦਾ ਸੀ ਕਿ ਹੋਇਆ ਕੀ ਹੈ। ਉਸ ਨੂੰ ਯਕੀਨ ਜਿਹਾ ਨਹੀਂ ਹੋ ਰਿਹਾ ਸੀ।
“ਕਟਵਾ ਦਿੱਤੇ ਤੇ ਵੇਚ ਦਿੱਤੇ,” ਡੈਲਾ ਨੇ ਕਿਹਾ, “ਕੀ ਤੂੰ ਹੁਣ ਮੈਨੂੰ ਪਸੰਦ ਨਹੀਂ ਕਰਦਾ? ਮੈਂ ਉਹੀ ਹਾਂ, ਜਿਮ। ਮੈਂ ਆਪਣੇ ਵਾਲਾਂ ਤੋਂ ਬਿਨਾਂ ਵੀ ਉਹੀ ਹਾਂ।”
ਜਿਮ ਨੇ ਕਮਰੇ ਵਿੱਚ ਆਲੇ-ਦੁਆਲੇ ਦੇਖਿਆ।
“ਤੂੰ ਕਹਿ ਰਹੀ ਏਂ ਕਿ ਤੇਰੇ ਵਾਲ਼ ਚਲੇ ਗਏ ਹਨ?” ਉਸ ਨੇ ਕਿਹਾ।
“ਤੈਨੂੰ ਇਨ੍ਹਾਂ ਨੂੰ ਲੱਭਣ ਦੀ ਲੋੜ ਨਹੀਂ ਪਵੇਗੀ,” ਡੈਲਾ ਨੇ ਕਿਹਾ। “ਇਹ ਵਿਕ ਚੁੱਕੇ ਹਨ, ਮੈਂ ਕਿਹਾ ਤਾਂ ਹੈ – ਵੇਚੇ ਜਾ ਚੁੱਕੇ ਹਨ। ਇਹ ਕ੍ਰਿਸਮਸ ਤੋਂ ਪੂਰਬਲੀ ਰਾਤ ਹੈ, ਮੇਰੇ ਸਾਥੀ। ਮੇਰੇ ਨਾਲ ਚੰਗਾ ਰਹੀਂ ਕਿਉਂਕਿ ਇਹ ਮੈਂ ਤੇਰੇ ਲਈ ਵੇਚੇ ਹਨ। ਮੇਰੇ ਵਾਲ਼ਾਂ ਦੀ ਸ਼ਾਇਦ ਕੋਈ ਗਿਣਤੀ ਵੀ ਕਰ ਸਕਦਾ ਹੁੰਦਾ,” ਉਸ ਨੇ ਕਿਹਾ, “ਪਰ ਤੇਰੇ ਲਈ ਮੇਰੇ ਪਿਆਰ ਦੀ ਕੋਈ ਵੀ ਗਿਣਤੀ-ਮਿਣਤੀ ਨਹੀਂ ਕਰ ਸਕਦਾ। ਕੀ ਅਸੀਂ ਖਾਣੇ ਲਈ ਬੈਠੀਏ, ਜਿਮ?”
ਜਿਮ ਨੇ ਡੈਲਾ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਕੁਝ ਸਕਿੰਟਾਂ ਲਈ ਚਲੋ ਅਸੀਂ ਕਿਸੇ ਹੋਰ ਪਾਸੇ ਵੱਲ ਦੇਖੀਏ। ਹਫ਼ਤੇ ਦੇ ਅੱਠ ਡਾਲਰ, ਤੇ ਦੂਜੇ ਪਾਸੇ ਇੱਕ ਸਾਲ ਦੇ ਲੱਖਾਂ ਡਾਲਰ – ਦੋਵਾਂ ਵਿੱਚ ਕੀ ਫ਼ਰਕ ਹੈ? ਸ਼ਾਇਦ ਕੋਈ ਤੁਹਾਨੂੰ ਇਸਦਾ ਜਵਾਬ ਦੇ ਸਕੇ, ਪਰ ਇਹ ਜਵਾਬ ਫ਼ਿਰ ਵੀ ਗਲਤ ਹੋਵੇਗਾ। ਮਾਗੀ ਕੀਮਤੀ ਤੋਹਫ਼ੇ ਲੈ ਕੇ ਆਏ ਹਨ, ਪਰ ਇਹ ਉਨ੍ਹਾਂ ਵਿੱਚ ਨਹੀਂ ਸੀ। ਮੇਰੇ ਅਰਥਾਂ ਦੀ ਵਿਆਖਿਆ ਜਲਦੀ ਆਵੇਗੀ।
ਕੋਟ ਦੇ ਅੰਦਰੋਂ, ਜਿਮ ਨੇ ਕਾਗਜ਼ ਵਿੱਚ ਲਪੇਟੀ ਕੋਈ ਚੀਜ਼ ਬਾਹਰ ਕੱਢੀ। ਉਸ ਨੇ ਇਸ ਨੂੰ ਮੇਜ਼ ਉੱਤੇ ਰੱਖ ਦਿੱਤਾ।
“ਡੈਲ, ਮੈਂ ਚਾਹੁੰਨਾਂ ਕਿ ਤੂੰ ਮੈਨੂੰ ਸਮਝੇਂ,” ਉਸ ਨੇ ਕਿਹਾ। ਵਾਲ਼ ਕਟਾਉਣ ਜਿਹਾ ਕੁਝ ਵੀ ਤੇਰੇ ਲਈ ਮੇਰੇ ਪਿਆਰ ਨੂੰ ਘੱਟ ਨਹੀਂ ਕਰ ਸਕਦਾ। ਪਰ ਜੇ ਤੂੰ ਇਸ ਨੂੰ ਖੋਲ੍ਹੇਂਗੀ ਤਾਂ ਤੈਨੂੰ ਪਤਾ ਲੱਗੇਗਾ ਕਿ ਮੈਂ ਕੀ ਮਹਿਸੂਸ ਕਰ ਰਿਹਾ ਸੀ ਜਦੋਂ ਮੈਂ ਅੰਦਰ ਆਇਆ।”
ਗੋਰੀਆਂ ਉਂਗਲਾਂ ਨੇ ਕਾਗਜ਼ ਉਤਾਰਿਆ। ਅਤੇ ਫਿਰ ਖ਼ੁਸ਼ੀ ਦੀ ਇੱਕ ਕਿਲਕਾਰੀ; ਅਤੇ ਫਿਰ ਇਹ ਹੰਝੂਆਂ ਵਿੱਚ ਬਦਲ ਗਈ।
ਕਿਉਂਕਿ ਉੱਥੇ ਕੰਘੀਆਂ ਪਈਆਂ ਸਨ – ਕੰਘੀਆਂ ਜਿਨ੍ਹਾਂ ਨੂੰ ਡੈਲਾ ਨੇ ਦੁਕਾਨ ਵਿੱਚ ਦੇਖਿਆ ਸੀ ਅਤੇ ਬੜੇ ਚਿਰ ਤੋਂ ਖਰੀਦਣ ਦੀ ਉਸ ਦੀ ਇੱਛਾ ਸੀ। ਖ਼ੂਬਸੂਰਤ ਕੰਘੀਆਂ, ਨਗ ਜੜੀਆਂ, ਉਸ ਦੇ ਵਾਲ਼ਾਂ ਲਈ ਇਕਦਮ ਢੁਕਵੀਆਂ। ਉਸ ਨੂੰ ਪਤਾ ਸੀ ਕਿ ਇਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਸੀ। ਉਸ ਨੇ ਹਮੇਸ਼ਾਂ ਇਨ੍ਹਾਂ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਿਆ ਸੀ। ਅਤੇ ਹੁਣ ਇਹ ਉਸ ਕੋਲ ਸਨ, ਪਰ ਉਸ ਦੇ ਵਾਲ਼ ਚਲੇ ਗਏ ਸਨ।
ਪਰ ਉਸ ਨੇ ਇਨ੍ਹਾਂ ਨੂੰ ਸੀਨੇ ਨਾਲ ਘੁੱਟ ਲਿਆ ਅਤੇ ਅਖੀਰ ਵਿੱਚ ਜਦੋਂ ਉਹ ਕੁਝ ਕਹਿ ਸਕਣ ਦੀ ਹੋਸ਼ ਵਿੱਚ ਆਈ ਤਾਂ ਉਸ ਨੇ ਕਿਹਾ: “ਮੇਰੇ ਵਾਲ਼ ਬਹੁਤ ਤੇਜ਼ੀ ਨਾਲ ਵਧਦੇ ਹਨ, ਜਿਮ!”
ਅਤੇ ਫਿਰ ਉਹ ਛਾਲਾਂ ਮਾਰਨ ਲੱਗ ਪਈ ਅਤੇ ਚੀਕੀ, “ਓਏ, ਓਏ!”
ਜਿਮ ਨੇ ਅਜੇ ਆਪਣਾ ਖ਼ੂਬਸੂਰਤ ਤੋਹਫ਼ਾ ਨਹੀਂ ਵੇਖਿਆ ਸੀ। ਉਸ ਨੇ ਇਸ ਨੂੰ ਆਪਣੇ ਹੱਥਾਂ ’ਚ ਰੱਖ ਕੇ ਉਸ ਨੂੰ ਦਿਖਾਇਆ। ਸੋਨਾ ਪੂਰੀ ਨਰਮੀ ਨਾਲ ਚਮਕ ਰਿਹਾ ਸੀ ਜਿਵੇਂ ਇਹ ਚਮਕ ਉਸ ਨੂੰ ਉਸ ਦੀ ਆਪਣੀ ਨਿੱਘੀ ਤੇ ਪਿਆਰੀ ਰੂਹ ਤੋਂ ਮਿਲੀ ਹੋਵੇ।
“ਇਹ ਸੋਹਣੀ ਨਹੀਂ ਹੈ ਜਿਮ? ਮੈਂ ਇਹ ਪੂਰੇ ਸ਼ਹਿਰ ਨੂੰ ਛਾਣ ਕੇ ਲੱਭਿਆ ਹੈ। ਤੈਨੂੰ ਆਪਣੀ ਘੜੀ ਵੱਲ ਦਿਨ ਵਿੱਚ ਸੌ ਵੇਰਾਂ ਦੇਖਣਾ ਪੈਂਦਾ ਹੈ। ਮੈਨੂੰ ਆਪਣੀ ਘੜੀ ਦਿਓ। ਮੈਂ ਇਸ ਨੂੰ ਘੜੀ ਦੇ ਨਾਲ ਦੇਖਣਾ ਚਾਹੁੰਦੀ ਹਾਂ।’’
ਜਿਮ ਬੈਠ ਗਿਆ ਅਤੇ ਮੁਸਕਰਾ ਪਿਆ।
“ਡੈਲਾ,” ਉਸ ਨੇ ਕਿਹਾ, “ਚਲੋ ਆਪਾਂ ਆਪਣੇ ਕ੍ਰਿਸਮਸ ਦੇ ਤੋਹਫਿਆਂ ਨੂੰ ਕੁਝ ਪਲਾਂ ਪਾਸੇ ਰੱਖ ਦੇਈਏ ਅਤੇ ਭੁੱਲ ਜਾਈਏ। ਉਹ ਇੰਨੇ ਚੰਗੇ ਨੇ ਕਿ ਹੁਣ ਵਰਤੇ ਨਹੀਂ ਜਾ ਸਕਦੇ। ਕੰਘੀਆਂ ਖਰੀਦਣ ਲਈ ਪੈਸਾ ਮੈਂ ਆਪਣੀ ਘੜੀ ਵੇਚ ਕੇ ਇਕੱਠਾ ਕੀਤਾ ਸੀ। ਅਤੇ ਹੁਣ ਮੈਨੂੰ ਲੱਗਦਾ ਕਿ ਆਪਾਂ ਨੂੰ ਖਾਣਾ ਖਾਣ ਲਈ ਬੈਠਣਾ ਚਾਹੀਦਾ ਹੈ।”
ਮਾਗੀ, ਜਿਵੇਂ ਕਿ ਤੁਸੀਂ ਜਾਣਦੇ ਹੋ, ਸਿਆਣੇ ਆਦਮੀ ਸਨ – ਹੈਰਾਨੀ ਦੀ ਹੱਦ ਤੱਕ ਸਿਆਣੇ ਮਨੁੱਖ – ਜਿਹੜੇ ਨਵ-ਜਨਮੇ ਈਸਾ ਲਈ ਤੋਹਫ਼ੇ ਲੈ ਕੇ ਆਏ ਸਨ। ਉਹ ਪਹਿਲੇ ਸਨ ਜਿਨ੍ਹਾਂ ਨੇ ਕ੍ਰਿਸਮਸ ਦੇ ਤੋਹਫ਼ੇ ਵੰਡੇ। ਸਿਆਣੇ ਹੋਣ ਨਾਤੇ, ਬਿਨਾਂ ਸ਼ੱਕ ਉਨ੍ਹਾਂ ਦੇ ਤੋਹਫ਼ੇ ਵੀ ਸਿਆਣਪ ਭਰੇ ਸਨ। ਅਤੇ ਮੈਂ ਤੁਹਾਨੂੰ ਦੋ ਬੱਚਿਆਂ ਦੀ ਕਹਾਣੀ ਸੁਣਾਈ ਹੈ ਜਿਹੜੇ ਸਿਆਣੇ ਨਹੀਂ ਸਨ। ਹਰੇਕ ਨੇ ਆਪਣੀ ਸਭ ਤੋਂ ਕੀਮਤੀ ਚੀਜ਼ ਵੇਚ ਦਿੱਤੀ ਤਾਂ ਕਿ ਦੂਸਰੇ ਲਈ ਤੋਹਫ਼ਾ ਖਰੀਦ ਸਕਣ। ਪਰ ਮੈਨੂੰ ਅੱਜਕੱਲ੍ਹ ਦੇ ਸਿਆਣਿਆਂ ਨੂੰ ਇੱਕ ਆਖ਼ਰੀ ਗੱਲ ਕਹਿਣ ਦਿਓ: ਉਨ੍ਹਾਂ ਸਾਰਿਆਂ ਵਿੱਚੋਂ ਜਿਹੜੇ ਤੋਹਫ਼ੇ ਦਿੰਦੇ ਹਨ, ਇਹ ਦੋਵੇਂ ਸਭ ਤੋਂ ਵੱਧ ਸਿਆਣੇ ਹਨ। ਉਨ੍ਹਾਂ ਸਾਰਿਆਂ ਵਿੱਚੋਂ ਜਿਹੜੇ ਤੋਹਫ਼ੇ ਦਿੰਦੇ ਅਤੇ ਲੈਂਦੇ ਹਨ, ਇਨ੍ਹਾਂ ਵਰਗੇ ਹੀ ਸਭ ਤੋਂ ਜ਼ਿਆਦਾ ਸਿਆਣੇ ਹੁੰਦੇ ਹਨ। ਹਰ ਜਗ੍ਹਾ ਉਹ ਹੀ ਸਿਆਣੇ ਹਨ। ਉਹ ਮਾਗੀ ਹਨ।