ਮੁੰਬਈ:‘ਬਿੱਗ ਬੌਸ ਓਟੀਟੀ’ ਦੇ ਮੇਜ਼ਬਾਨ ਕਰਨ ਜੌਹਰ ਨੂੰ ਸ਼ੋਅ ਦਾ ਹਿੱਸਾ ਬਣਨ ਤੋਂ ਪਹਿਲਾਂ ਉਸ ਦੀ ਮਾਂ ਹੀਰੂ ਜੌਹਰ ਨੇ ਸਲਾਹ ਦਿੱਤੀ ਹੈ ਕਿ ਉਹ ਸ਼ੋਅ ਵਿੱਚ ਜੋ ਵੀ ਬੋਲੇ, ਸੋਚ- ਸਮਝ ਕੇ ਬੋਲੇ। ਜਦੋਂ ਸ਼ੋਅ ਦੇ ਨਿਰਮਾਤਾ ਵੱਲੋਂ ਕਰਨ ਜੌਹਰ ਕੋਲ ‘ਬਿੱਗ ਬੌਸ’ ਓਟੀਟੀ ਦਾ ਹਿੱਸਾ ਬਣਨ ਲਈ ਪਹੁੰਚ ਕੀਤੀ ਗਈ ਤਾਂ ਉਹ ਹੈਰਾਨ ਰਹਿ ਗਿਆ ਸੀ, ਜਦਕਿ ਉਸ ਦੀ ਮਾਂ ਕੋਲ ਤਾਂ ਸ਼ਬਦ ਹੀ ਨਹੀਂ ਸਨ। ਉਸ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਸੀ ਕਿ ਉਸ ਦਾ ਪੁੱਤਰ ਕਰਨ, ਜਿਸ ਨੂੰ ਕਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਸੋਸ਼ਲ ਮੀਡੀਆ ਉੱਤੇ ਵੱਡੇ ਪੱਧਰ ’ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਇਸ ਸ਼ੋਅ, ਜੋ ਕਿ ਲੋਕਾਂ ਦੀ ਰਾਇ ’ਤੇ ਆਧਾਰਤ ਹੈ, ਨੂੰ ਇਕੱਲਿਆਂ ਸੰਭਾਲ ਸਕੇਗਾ ਤੇ ਉਸ ਨੂੰ ਨਿਰਪੱਖਤਾ ਨਾਲ ਜੱਜ ਕਰ ਸਕੇਗਾ ਜਾਂ ਨਹੀਂ।  ਮਗਰੋਂ ਹੀਰੂ ਜੌਹਰ ਨੇ ਸਾਰਾ ਮਾਮਲਾ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਕਰਨ ਨੂੰ ਸਲਾਹ ਦਿੱਤੀ ਕਿ ਉਹ ਸ਼ੋਅ ਵਿੱਚ ਸੋਚ-ਸਮਝ ਕੇ ਆਪਣੀ ਗੱਲ ਆਖੇਗਾ। ਉਨ੍ਹਾਂ ਕਰਨ ਨੂੰ ਕਿਹਾ, ‘ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕੀ ਕਹਿ ਰਹੇ ਹੋ, ਕਿਸ ਨੂੰ ਕਹਿ ਰਹੇ ਹੋ ਤੇ ਕਦੋਂ ਕਹਿ ਰਹੇ ਹੋ।’ ਦੱਸਣਯੋਗ ਹੈ ਕਿ ‘ਬਿੱਗ ਬੌਸ ਓਟੀਟੀ’ ਵੂਟ ਐਪ ’ਤੇ ਦਿਖਾਇਆ ਜਾ ਰਿਹਾ ਹੈ।