ਨਵੀਂ ਦਿੱਲੀ— ਟੈਨਿਸ ਦੇ ਕੋਰਟ ‘ਚ ਕਈ ਰਿਕਾਰਡ ਰੱਚਣ ਵਾਲੀ ਅਮਰੀਕਾ ਦੀ ਸੇਰੇਨਾ ਵਿਲੀਅਮਸ ਹੁਣ ਇਕ ਹੋਰ ਖਿਤਾਬ ਦੇ ਕਰੀਬ ਪਹੁੰਚ ਗਈ ਹੈ। ਯੂ.ਐੱਸ.ਓਪਨ ‘ਚ ਸੇਰੇਨਾ ਨੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਅਤੇ ਉਹ ਰਿਕਾਰਡ 24ਵਾਂ ਗ੍ਰੈਂਡਸਲੈਮ ਜਿੱਤਣ ਤੋਂ ਬਸ ਇਕ ਕਦਮ ਦੂਰ ਹੈ। ਫਾਈਨਲ ‘ਚ ਸੇਰੇਨਾ ਦਾ ਮੁਕਾਬਲਾ ਜਾਪਾਨ ਦੇ ਓਸਾਕਾ ਨਾਲ ਹੋਵੇਗਾ ਜੋ ਯੂ.ਐੱਸ..ਓਪਨ ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਜਾਪਾਨੀ ਖਿਡਾਰੀ ਹੈ।ਪਿਛਲੇ ਸਾਲ ਮਾਂ ਬਣਨ ਤੋਂ ਬਾਅਦ ਸੇਰੇਨਾ ਨੇ ਇਸ ਸਾਲ ਜ਼ੋਰਦਾਰ ਖੇਡ ਦਿਖਾਇਆ ਹੈ। ਵਿੰਬਲਡਨ ਦੇ ਫਾਈਨਲ ‘ਚ ਪਹੁੰਚਣ ਵਾਲੀ ਸੇਰੇਨਾ ਨੇ ਯੂ.ਐੱਸ. ਓਪਨ ਦੇ ਫਾਈਨਲ ‘ਚ ਪਹੁੰਚਣ ਲਈ ਸੇਵਾਸਤੋਵਾ ਨੂੰ 6-3,6-0 ਤੋਂ ਇਕਤਰਫਾ ਮਾਤ ਦਿੱਤੀ। ਸੇਰੇਨਾ ਦੀ ਜ਼ੋਰਦਾਰ ਫਾਰਮ ਦਾ ਆਲਮ ਇਹ ਹੈ ਕਿ ਯੂ.ਐੱਸ.ਓਪਨ ‘ਚ ਇਸ ਵਾਰ ਉਨ੍ਹਾਂ ਨੇ ਸਿਰਫ ਇਕ ਸੈੱਟ ਹੀ ਗੁਆਇਆ ਹੈ।

ਉਥੇ ਦੂਜੇ ਪਾਸੇ ਜਾਪਾਨ ਦੀ ਓਸਾਕਾ ਨੇ ਸੈਮੀਫਾਈਨਲ ‘ਚ ਮੈਡੀਸਨ ਕੀਜ ਨੂੰ 6-2,6-4 ਨਾਲ ਮਾਤ ਦੇ ਕੇ ਫਾਈਨਲ ‘ਚ ਜਗ੍ਹਾ ਪੱਕੀ ਕਰਕੇ ਸੇਰੇਨਾ ਨਾਲ ਭਿੜਨ ਦਾ ਹੱਕ ਹਾਸਲ ਕੀਤਾ ਹੈ, ਇਸ ਮੁਕਾਬਲੇ ‘ਚ ਉਨ੍ਹਾਂ ਦੇ ਵਿਰੋਧੀ ਕੋਲ 13 ਬ੍ਰੇਕ ਪੁਆਇੰਟਸ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਕ ਵਾਰ ਵੀ ਆਪਣੀ ਸਰਵਿਸ ਬ੍ਰੇਕ ਨਾ ਹੋਣ ਦਿੱਤੀ, ਯਾਨੀ ਜਾਹਿਰ ਹੈ ਕਿ 20 ਸਾਲ ਦਾ ਇਹ ਜਾਪਾਨੀ ਖਿਡਾਰੀ ਸੇਰੇਨਾ ਦੀ ਰਾਹ ਨੂੰ ਆਸਾਨ ਨਹੀਂ ਰਹਿਣ ਦੇਵੇਗਾ।