ਮਾਂਟਰੀਅਲ— ਕੈਨੇਡਾ ਦੇ ਸ਼ਹਿਰ ਮਾਂਟਰੀਅਲ ਦੇ ਮਰਸੀਏ ਇਲਾਕੇ ‘ਚ ਸ਼ੁੱਕਰਵਾਰ ਦੁਪਹਿਰ ਨੂੰ ਗੈਸ ਲੀਕ ਹੋਣ ਕਾਰਨ ਇਕ ਘਰ ‘ਚ ਧਮਾਕਾ ਹੋ ਗਿਆ। ਇਸ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਕੁਦਰਤੀ ਗੈਸ ਦੀ ਪਾਈਪ ਖਰਾਬ ਹੋਣ ਕਾਰਨ ਗੈਸ ਲੀਕ ਹੋ ਗਈ ਅਤੇ ਅੱਗ ਲੱਗ ਗਈ। ਫਾਇਰ ਫਾਈਟਰਜ਼ ਨੂੰ ਮੌਕੇ ‘ਤੇ ਸੱਦਿਆ ਗਿਆ। ਗੈਸ ਪਾਈਪ ਦਾ ਮੇਨ ਸਵਿੱਚ ਬੰਦ ਹੋਣ ਮਗਰੋਂ ਹੀ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਗੈਸ ਲੀਕ ਹੋਣ ਦੌਰਾਨ ਉਹ ਕੰਮ ਸ਼ੁਰੂ ਨਹੀਂ ਕਰ ਸਕੇ ਕਿਉਂਕਿ ਇਹ ਬਹੁਤ ਖਤਰਨਾਕ ਹੋ ਸਕਦਾ ਸੀ ਅਤੇ ਥੋੜੀ ਦੇਰ ਬਾਅਦ ਫਾਇਰ ਫਾਈਟਰਜ਼ ਨੇ ਕੰਮ ਸ਼ੁਰੂ ਕੀਤਾ। ਇਹ ਘਟਨਾ ਦੁਪਹਿਰ 2.40 ਵਜੇ ਵਾਪਰੀ। ਇਸ ਦੌਰਾਨ ਇਕ ਅਧਿਕਾਰੀ ਦਾ ਚਿਹਰਾ ਝੁਲਸ ਗਿਆ, ਇਸ ਦੇ ਨਾਲ ਹੀ ਇਕ ਮਜ਼ਦੂਰ ਅਤੇ ਨੇੜਲੇ ਘਰ ‘ਚ ਰਹਿਣ ਵਾਲਾ ਇਕ ਵਿਅਕਤੀ ਵੀ ਝੁਲਸ ਗਿਆ। ਜਾਣਕਾਰੀ ਮੁਤਾਬਕ ਦੋ ਮੰਜ਼ਲਾਂ ਇਮਾਰਤ ਦਾ ਕੰਮ ਚੱਲ ਰਿਹਾ ਸੀ ਅਤੇ ਇਸ ਦੌਰਾਨ ਗੈਸ ਪਾਈਪ ਲੀਕ ਹੋਣ ਕਾਰਨ ਧਮਾਕਾ ਹੋ ਗਿਆ। ਨੇੜਲੇ ਘਰ ‘ਚ ਰਹਿਣ ਵਾਲਾ ਵਿਅਕਤੀ ਅੱਗ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਝੁਲਸ ਗਿਆ। ਇਨ੍ਹਾਂ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਸਾਰਿਆਂ ਦੀ ਹਾਲਤ ਖਤਰੇ ‘ਚੋਂ ਬਾਹਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਧਮਾਕਾ ਹੋਇਆ , ਉਸ ਸਮੇਂ ਇਮਾਰਤ ‘ਚ ਕੋਈ ਨਹੀਂ ਸੀ। ਇਸ ਮਗਰੋਂ ਇਸ ਇਲਾਕੇ ਨੂੰ ਬੰਦ ਕਰ ਦਿੱਤਾ ਗਿਆ।