ਨਵੀਂ ਦਿੱਲੀ, 28 ਮਾਰਚ

ਰਾਜ ਸਭਾ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਸਮਾਨ ਛੂਹ ਰਹੀ ਮਹਿੰਗਾਈ ਦੇ ਮੁੱਦੇ ’ਤੇ ਅੱਜ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅੱਜ ਦੇਸ਼ ਦਾ ਹੀ ਨਹੀਂ, ਸਗੋਂ ਹਰ ਘਰ ਦਾ ਬਜਟ ਹਿੱਲਿਆ ਹੋਇਆ ਹੈ। ਉਪਰਲੇ ਸਦਨ ਵਿੱਚ ਵਿੱਤੀ ਬਿੱਲ ’ਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਕਾਂਗਰਸ ਦੇ ਸ਼ਕਤੀ ਸਿੰਘ ਗੋਹਿਲ ਨੇ ਕਿਹਾ ਕਿ ਦੇਸ਼ ਦਾ ਬਜਟ ਹੀ ਨਹੀਂ, ਹਰ ਘਰ ਦਾ ਬਜਟ ਵਿਗੜ ਗਿਆ ਹੈ। ਇਸ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਪਰਿਵਾਰ ਦੇ ਕਮਾਊ ਮੈਂਬਰਾਂ ਨੂੰ ਗੁਆਉਣ ਵਾਲਿਆਂ ਤੋਂ ਜਾ ਕੇ ਪੁੱਛਿਆ ਜਾਣਾ ਚਾਹੀਦਾ ਹੈ ਕਿ ਇਸ ਮਹਿੰਗਾਈ ਤੋਂ ਉਹ ਕਿੰਨੇ ਦੁਖੀ ਹਨ? ਉਨ੍ਹਾਂ ਕਿਹਾ ਕਿ ਸੱਤਾਧਾਰੀ ਭਾਜਪਾ ਦੇ ਚੋਣ-ਮਨੋਰਥ ਪੱਤਰ ਵਿੱਚ ਆਮਦਨ ਕਰ ਵਿੱਚ ਛੋਟ ਦੇਣ ਦੀ ਗੱਲ ਕੀਤੀ ਗਈ ਹੈ, ਪਰ ਇਸ ਬਜਟ ਵਿੱਚ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ।