ਬੰਗਲੌਰ, 20 ਮਈ
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਸੋਮਵਾਰ ਤੋਂ ਜਿਨਚੁਨ ਵਿੱਚ ਮੇਜ਼ਬਾਨ ਕੋਰੀਆ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਵਿੱਚ ਸਖ਼ਤ ਮੁਕਾਬਲੇ ਦੀ ਉਮੀਦ ਹੈ। ਰਾਣੀ ਮੋਢੇ ਦੀ ਸੱਟ ਕਾਰਨ ਮਲੇਸ਼ੀਆ ਲੜੀ ਵਿੱਚ ਨਹੀਂ ਖੇਡ ਸਕੀ ਸੀ। ਡਰੈਗ ਫਲਿੱਕਰ ਗੁਰਜੀਤ ਕੌਰ ਵੀ ਸੱਟ ਲੱਗਣ ਕਾਰਨ ਇਸ ਵਿੱਚ ਹਿੱਸਾ ਨਹੀਂ ਲੈ ਸਕੀ ਸੀ। ਟੀਮ ਅੱਜ ਸਵੇਰੇ ਕੋਰੀਆ ਲਈ ਰਵਾਨਾ ਹੋ ਗਈ ਅਤੇ ਰਾਣੀ ਨੇ ਕਿਹਾ ਕਿ ਇਹ ਹੀਰੋਸ਼ੀਮਾ ਵਿੱਚ ਹੋਣ ਵਾਲੇ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਦੀਆਂ ਤਿਆਰੀਆਂ ਲਈ ਚੰਗਾ ਮੌਕਾ ਹੋਵੇਗਾ। ਇਹ ਟੂਰਨਾਮੈਂਟ 15 ਤੋਂ 23 ਜੂਨ ਤੱਕ ਖੇਡਿਆ ਜਾਵੇਗਾ।
ਰਾਣੀ ਨੇ ਕਿਹਾ, ‘‘ਇਹ ਮੇਰੇ ਅਤੇ ਗੁਰਜੀਤ ਲਈ ਅਹਿਮ ਲੜੀ ਹੈ, ਅਸੀਂ ਸਿਹਤਯਾਬ ਹੋਣ ਮਗਰੋਂ ਵਾਪਸੀ ਕੀਤੀ ਹੈ। ਸਖ਼ਤ ਮੁਕਾਬਲੇ ਖੇਡਣ ਕਾਰਨ ਅਸੀਂ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਤੋਂ ਪਹਿਲਾਂ ਲੈਅ ਵਿੱਚ ਪਰਤ ਆਵਾਂਗੀਆਂ।’’ ਟੀਮ ਨੂੰ ਅਪਰੈਲ ਵਿੱਚ ਮਲੇਸ਼ਿਆਈ ਦੌਰੇ ’ਤੇ ਇੱਕ ਵੀ ਹਾਰ ਨਹੀਂ ਮਿਲੀ ਸੀ। ਉਸ ਨੇ ਚਾਰ ਮੈਚ ਜਿੱਤੇ ਅਤੇ ਇੱਕ ਡਰਾਅ ਖੇਡਿਆ।
ਭਾਰਤੀ ਟੀਮ ਨੇ ਇਸ ਸਾਲ ਦੇ ਸ਼ੁਰੂ ਵਿੱਚ ਸਪੇਨ ਦਾ ਦੌਰਾ ਕੀਤਾ ਸੀ, ਜਿੱਥੇ ਉਸ ਨੇ ਜਨਵਰੀ-ਫਰਵਰੀ ਵਿੱਚ ਮੇਜ਼ਬਾਨ ਟੀਮ ਅਤੇ ਆਇਰਲੈਂਡ ਖ਼ਿਲਾਫ਼ ਮੈਚ ਖੇਡੇ ਸਨ। ਭਾਰਤੀ ਟੀਮ ਨੇ ਆਪਣਾ ਦੌਰਾ ਦੋ ਜਿੱਤਾਂ, ਤਿੰਨ ਡਰਾਅ ਅਤੇ ਇੱਕ ਹਾਰ ਨਾਲ ਖ਼ਤਮ ਕੀਤਾ ਸੀ। ਇਸ ਮਗਰੋਂ ਟੀਮ ਨੇ ਅਪਰੈਲ ਵਿੱਚ ਮਲੇਸ਼ੀਆ ਦਾ ਦੌਰਾ ਕੀਤਾ ਸੀ, ਜਿੱਥੇ ਉਸ ਨੇ ਪੰਜ ਵਿੱਚੋਂ ਚਾਰ ਮੈਚ ਜਿੱਤੇ ਅਤੇ ਇੱਕ ਡਰਾਅ ਖੇਡਿਆ ਸੀ।