ਮਰਸੀਆ, 29 ਜਨਵਰੀ
ਭਾਰਤੀ ਮਹਿਲਾ ਹਾਕੀ ਨੇ ਪਹਿਲਾ ਮੁਕਾਬਲਾ ਕਰੀਬੀ ਫ਼ਰਕ ਨਾਲ ਹਾਰਨ ਮਗਰੋਂ ਦੂਜੇ ਕੌਮਾਂਤਰੀ ਹਾਕੀ ਮੈਚ ਵਿੱਚ ਸਪੇਨ ਨਾਲ 1-1 ਨਾਲ ਡਰਾਅ ਖੇਡਿਆ। ਗੁਰਜੀਤ ਕੌਰ ਨੇ ਭਾਰਤ ਲਈ 43ਵੇਂ ਮਿੰਟ ਵਿੱਚ ਗੋਲ ਕੀਤਾ, ਪਰ ਮੇਜ਼ਬਾਨ ਟੀਮ ਲਈ ਛੇ ਮਿੰਟ ਮਗਰੋਂ ਮਾਰੀਆ ਟੋਸਟ ਨੇ ਬਰਾਬਰੀ ਦਾ ਗੋਲ ਕਰ ਦਿੱਤਾ। ਪਹਿਲੇ ਮੈਚ ਵਿੱਚ ਸਪੇਨ ਨੇ ਭਾਰਤ ਨੂੰ 3-2 ਨਾਲ ਹਰਾਇਆ ਸੀ, ਪਰ ਇਸ ਮੈਚ ਵਿੱਚ ਭਾਰਤ ਦਾ ਪ੍ਰਦਰਸ਼ਨ ਬਿਹਤਰ ਰਿਹਾ। ਪਹਿਲੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਹੋ ਸਕਿਆ। ਦੂਜੇ ਕੁਆਰਟਰ ਵਿੱਚ ਭਾਰਤ ਨੂੰ ਪਹਿਲਾ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਸਪੇਨ ਦੀ ਗੋਲਕੀਪਰ ਨੇ ਬਚਾਅ ਲਿਆ।
ਮੈਚ ਦੇ ਅੱਧ ਤੱਕ ਦੋਵੇਂ ਟੀਮਾਂ ਬਿਨਾਂ ਗੋਲ ਕੀਤਿਆਂ ਬਰਾਬਰ ਚੱਲ ਰਹੀਆਂ ਸਨ, ਪਰ ਤੀਜਾ ਕੁਆਰਟਰ ਸ਼ੁਰੂ ਹੁੰਦੇ ਹੀ ਸਪੇਨ ਨੂੰ ਪੈਨਲਟੀ ਕਾਰਨਰ ਮਿਲਿਆ। ਭਾਰਤੀ ਗੋਲਕੀਪਰ ਨੇ ਉਸ ਦਾ ਬਚਾਅ ਕੀਤਾ। ਇਸ ਮਗਰੋਂ ਭਾਰਤ ਨੇ ਹਮਲੇ ਤੇਜ਼ ਕਰਦਿਆਂ ਪੈਨਲਟੀ ਕਾਰਨਰ ਬਣਾਇਆ, ਜਿਸ ’ਤੇ ਡਰੈਗ ਫਿਲਕਰ ਗੁਰਜੀਤ ਨੇ ਗੋਲ ਦਾਗ਼ਿਆ। ਭਾਰਤ ਦੀ ਲੀਡ ਜ਼ਿਆਦਾ ਦੇਰ ਕਾਇਮ ਨਹੀਂ ਰਹੀ ਅਤੇ ਸਪੇਨ ਨੇ 49ਵੇਂ ਮਿੰਟ ਵਿੱਚ ਬਿਹਤਰੀਨ ਮੈਦਾਨੀ ਗੋਲ ਦੇ ਦਮ ’ਤੇ ਵਾਪਸੀ ਕੀਤੀ। ਆਖ਼ਰੀ ਕੁਆਰਟਰ ਵਿੱਚ ਕੋਈ ਟੀਮ ਗੋਲ ਨਹੀਂ ਕਰ ਸਕੀ। ਭਾਰਤੀ ਟੀਮ ਤੀਜਾ ਮੈਚ ਮੰਗਲਵਾਰ ਨੂੰ ਖੇਡੇਗੀ।